
ਭੁੱਖ ਹੜਤਾਲ ’ਤੇ ਬੈਠੇ ਸੁਖਪਾਲ ਖਹਿਰਾ, ਹੱਕ ਵਿਚ ਆਏ ਰਵੀ ਸਿੰਘ ਖ਼ਾਲਸਾ
ਚੰਡੀਗੜ੍ਹ, 15 ਨਵੰਬਰ (ਅੰਕੁਰ ਤਾਂਗੜੀ) : ਬੀਤੇ ਦਿਨੀ ਈਡੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਭੁੱਖ ਹੜਤਾਲ ’ਤੇ ਬੈਠ ਗਏ ਹਨ। ਉਨ੍ਹਾਂ ਵਲੋਂ ਚੰਡੀਗੜ੍ਹ ਪੁਲਿਸ ’ਤੇ ਅਣਮਨੁੱਖੀ ਰਵੱਈਏ ਦੇ ਦੋਸ਼ ਲਗਾਏ ਗਏ ਹਨ। ਇਸ ਦੀ ਜਾਣਕਾਰੀ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਫ਼ੇਸਬੁੱਕ ’ਤੇ ਪੋਸਟ ਪਾ ਕੇ ਦਿਤੀ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਖਹਿਰਾ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਨਾਲ ਕੋਈ ਵੀ ਬੁਰਾ ਵਿਵਹਾਰ ਨਹੀਂ ਕੀਤਾ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੁਖਪਾਲ ਖਹਿਰਾ ਦੀਆਂ ਕੁੱਝ ਮੰਗਾਂ ਸਨ, ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਇਸ ਲਈ ਉਹ ਅਜਿਹਾ ਕਰ ਰਿਹਾ ਹੈ। ਪੁਲਿਸ ਦੀ ਮੰਨੀਏ ਤਾਂ ਖਹਿਰਾ ਨੇ ਪੁਲਿਸ ਸਟੇਸ਼ਨ ਵਿਚ ਅਪਣੇ ਲਈ ਵੱਖਰੇ ਕਮਰੇ ਦੀ ਮੰਗ ਕੀਤੀ ਸੀ ਅਤੇ ਫ਼ੋਨ ’ਤੇ ਗੱਲ ਕਰਨ ਲਈ ਵੀ ਪੁਲਿਸ ਅਧਿਕਾਰੀਆਂ ’ਤੇ ਦਬਾਅ ਪਾਇਆ।
ਸੁਖਪਾਲ ਖਹਿਰਾ ਦੇ ਹੱਕ ਵਿਚ ਖ਼ਾਲਸਾ ਏਡ ਚਲਾਉਣ ਵਾਲੇ ਰਵੀ ਸਿੰਘ ਖ਼ਾਲਸਾ ਆ ਗਏ ਹਨ। ਉਨ੍ਹਾਂ ਨੇ ਅਪਣੇ ਟਵੀਟ ਰਾਹੀਂ ਲਿਖਿਆ ਕਿ ਗੰਦੀ ਰਾਜਨੀਤੀ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਰਹੀ ਹੈ। ਜਦੋਂ ਤਕ ਜਾਂਚ ਚਲ ਰਹੀ ਹੈ, ਸੁਖਪਾਲ ਖਹਿਰਾ ਨੂੰ ਜੇਲ ਵਿਚ ਰੱਖਣ ਦੀ ਕੋਈ ਲੋੜ ਨਹੀਂ ਸੀ ਇਹ ਇਕ ਮਾੜਾ ਸਿਆਸੀ ਫ਼ੈਸਲਾ ਹੈ। ਇਹ ਵੀ ਦਸਣਾ ਬਣਦਾ ਹੈ ਕਿ ਜਦੋਂ ਹੀ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿਤੀ ਉਸ ਤੋਂ ਬਾਅਦ ਰਵੀ ਸਿੰਘ ਖ਼ਾਲਸਾ ਨੇ ਇਸ ਪੋਸਟ ਨੂੰ ਸ਼ੇਅਰ ਕਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਲਿਖਿਆ ਜਿਸ ਤੋਂ ਬਾਅਦ ਮਹਿਤਾਬ ਖਹਿਰਾ ਨੇ ਰਵੀ ਸਿੰਘ ਖ਼ਾਲਸਾ ਦਾ ਧਨਵਾਦ ਵੀ ਕੀਤਾ।