
ਲੋਕਾਂ ਦੇ ਫਸੇ ਲੱਖਾਂ ਰੁਪਏ, ਡੀ.ਐਸ.ਪੀ. ਰਾਮਪੁਰਾ ਨੂੰ ਦਿੱਤੇ ਜਾਂਚ ਦੇ ਹੁਕਮ
ਕਾਲੋਨੀ ਮਾਲਕ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਬਠਿੰਡਾ : ਪੁੱਡਾ ਅਤੇ ਪੰਜਾਬ ਪੁਲਿਸ ਕੋਲ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਵਿਖੇ ਬਣੀ ਇੱਕ ਗੈਰ-ਕਾਨੂੰਨੀ ਕਲੋਨੀ ਨਾਲ ਸਬੰਧਤ ਹੈ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ ਦੀ ਮਲਕੀਅਤ ਵਾਲੀ ਕਲੋਨੀ ਵਜੋਂ ਜ਼ੁਬਾਨੀ ਤੌਰ 'ਤੇ ਵੇਚਿਆ ਜਾ ਰਿਹਾ ਸੀ। ਹੁਣ ਇਸ ਮਾਮਲੇ ਵਿੱਚ ਲੋਕਾਂ ਨਾਲ ਠੱਗੀ ਮਾਰਨ ਤੋਂ ਬਾਅਦ ਪੁੱਡਾ ਵਿਭਾਗ ਨੇ ਕਲੋਨੀ ਮਾਲਕਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ ਅਤੇ ਪੁਲਿਸ ਨੇ ਰਾਮਪੁਰਾ ਦੇ ਡੀ.ਐਸ.ਪੀ. ਨੂੰ ਜਾਂਚ ਦਾ ਕੰਮ ਸੌਂਪਿਆ ਗਿਆ ਹੈ।
ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਚੰਡੀਗੜ੍ਹ ਵਾਸੀ ਰਜਿੰਦਰ ਕੁਮਾਰ ਨੇ ਰਾਮਪੁਰਾ ਦੇ ਬਰਨਾਲਾ ਮਾਰਗ ਅਤੇ ਮੌੜ ਮਾਰਗ 'ਤੇ ਸਥਿਤ 2 ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਮਾਲਕਾਂ ਤੋਂ ਕੁਝ ਪਲਾਟ ਖਰੀਦਣ ਲਈ ਲੱਖਾਂ ਰੁਪਏ ਐਡਵਾਂਸ ਦਿੱਤੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪ੍ਰਸਤਾਵਿਤ ਕਾਲੋਨੀ ਵਿੱਚ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੀ ਹਿੱਸੇਦਾਰੀ ਹੈ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ। ਹੁਣ ਉਨ੍ਹਾਂ ਦੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਦਾ ਦਿਨ ਸੀ ਪਰ ਦੋਵੇਂ ਕਾਲੋਨੀ ਮਾਲਕ ਰਿਹਾਇਸ਼ੀ ਪਲਾਟਾਂ ਦੀ ਥਾਂ ਵਾਹੀਯੋਗ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਗੱਲ ਕਰਦੇ ਰਹੇ।
ਇਸ ਤੋਂ ਬਾਅਦ ਵਿਵਾਦ ਵਧ ਗਿਆ ਤੇ ਪੰਚਾਇਤਾਂ ਵੀ ਹੋਈਆਂ ਪਰ ਕਾਲੋਨੀ ਮਾਲਕ ਇਸ ਮਾਮਲੇ ’ਤੇ ਅੜੇ ਰਹੇ। ਇਸ ਤੋਂ ਬਾਅਦ ਚੰਡੀਗੜ੍ਹ ਨਿਵਾਸੀ ਨੇ ਇਸ ਦੀ ਸ਼ਿਕਾਇਤ 'ਪੁੱਡਾ' ਅਤੇ ਐੱਸ.ਐੱਸ.ਪੀ. ਬਠਿੰਡਾ ਕੋਲ ਦਰਜ ਕਰਵਾਈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਕਲੋਨੀ ਮਾਲਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਕਲੋਨੀ 'ਪੁੱਡਾ' ਤੋਂ ਮਨਜ਼ੂਰਸ਼ੁਦਾ ਹੈ ਪਰ ਕਲੋਨੀ ਨੂੰ ਨਾ ਤਾਂ ਪੁੱਡਾ, ਨਾ ਹੀ ਕਿਸੇ ਸੀ.ਐਲ.ਯੂ. ਅਤੇ ਨਾ ਹੀ ਕੋਈ ਐਨ.ਓ.ਸੀ. ਨਾਲ ਰਜਿਸਟਰ ਸੀ। ਇਲਜ਼ਾਮ ਅਨੁਸਾਰ ਕਾਲੋਨੀ ਮਾਲਕ ਹੁਣ ਉਸ ਦੀ ਪੇਸ਼ਗੀ ਰਕਮ ਵੀ ਵਾਪਸ ਨਹੀਂ ਕਰ ਰਿਹਾ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਸ਼ਿਕਾਇਤਕਰਤਾ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਧਰ, ਸ਼ਿਕਾਇਤਕਰਤਾ ਦੇ ਪੱਤਰ ’ਤੇ ਪੁੱਡਾ ਨੇ ਦੋਵੇਂ ਕਾਲੋਨੀ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਦੋ ਕਲੋਨੀਆਂ ਵਿੱਚੋਂ ਇੱਕ 6 ਏਕੜ ਜ਼ਮੀਨ ਵਿੱਚ ਬਣੀ ਹੋਈ ਹੈ, ਜੋ ਕਿ ਬਰਨਾਲਾ-ਬਠਿੰਡਾ ਰੋਡ ’ਤੇ ਹੈ, ਜਦੋਂ ਕਿ ਦੂਜੀ ਕਲੋਨੀ ਮੌੜ ਮੰਡੀ ਰੋਡ ’ਤੇ ਹੈ। ਦੋਵਾਂ ਕਲੋਨੀਆਂ ਵਿੱਚ ਜ਼ਿਆਦਾਤਰ ਪਲਾਟ ਲੋਕਾਂ ਨਾਲ ਧੋਖਾਧੜੀ ਕਰ ਕੇ ਵੇਚ ਦਿੱਤੇ ਗਏ ਹਨ। ਇਸ ਸਬੰਧੀ ਕਾਲੋਨੀ ਮਾਲਕ ਹਰੀਸ਼ ਸ਼ਰਮਾ ਨੇ ਦੱਸਿਆ ਕਿ ਉਸ ਨੇ ਵਾਹੀਯੋਗ ਜ਼ਮੀਨ ਖਰੀਦੀ ਸੀ ਅਤੇ ਸਿਰਫ਼ ਵਾਹੀਯੋਗ ਜ਼ਮੀਨ ਹੀ ਵੇਚੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਹੋਣ ਦੀ ਗੱਲ ਗ਼ਲਤ ਹੈ।