
32 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਵਿਚ ਵੀ ਪੱਕੇ ਮੋਰਚੇ ਜਾਰੀ
ਚੰਡੀਗੜ੍ਹ, 15 ਦਸੰਬਰ (ਨੀਲ ਭਲਿੰਦਰ ਸਿੰਘ): ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵਲੋਂ ਪੰਜਾਬ ਭਰ ਵਿਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 60 ਥਾਵਾਂ ਉਤੇ ਪੱਕੇ-ਧਰਨੇ ਜਾਰੀ ਹਨ।
ਪੰਜਾਬ ਦੀਆਂ ਵੱਖ-ਵੱਖ ਥਾਵਾਂ ਉਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ਦੀ ਅਗਵਾਈ ਹੁਣ ਮੁੱਖ ਤੌਰ ਉਤੇ ਕਿਸਾਨ-ਔਰਤਾਂ ਆਗੂਆਂ ਨੇ ਸੰਭਾਲ ਲਈ ਹੈ। ਭਰਾਤਰੀ ਜਥੇਬੰਦੀਆਂ ਵਲੋਂ ਵੀ ਸਹਿਯੋਗ ਦਿੰਦਿਆਂ ਸੰਘਰਸ਼ਾਂ ਪ੍ਰਤੀ ਇਕਜੁੱਟਤਾ ਪ੍ਰਗਟਾਈ ਜਾ ਰਹੀ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ-ਸਰਕਾਰ ਕਿਸਾਨਾਂ ਦੀਆਂ ਦਲੀਲਾਂ ਦਾ ਜਵਾਬ ਦੇਣ ਦੀ ਬਜਾਏ, ਭਰਮਾਊ ਪ੍ਰਚਾਰ ਰਾਹੀਂ ਲੋਕ ਰੋਹ ਦਬਾਉਣ ਦੇ ਕੋਝੇ ਯਤਨ ਕਰ ਰਹੀ ਹੈ, ਪਰ ਸਰਕਾਰ ਦੇ ਇਹ ਯਤਨ ਸਫ਼ਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ-ਸਰਕਾਰ ਇਹ ਕਹਿੰਦੀ ਸੀ ਕਿ ਖੇਤੀਬਾੜੀ ਰਾਜ-ਸੂਚੀ ਦਾ ਵਿਸ਼ਾ ਹੈ, ਜਿਸ ਕਰ ਕੇ ਕਿਸਾਨਾਂ ਦੀ ਆਮਦਨ ਦੌਗੁਣੀ ਕਰਨ ਵਿਚ ਸਮੱਸਿਆਵਾਂ ਆ ਰਹੀਆਂ ਹਨ, ਪਰ ਹੁਣ ਰਾਜ-ਸੂਚੀ ਦੇ ਵਿਸ਼ਿਆਂ ਵਿਚ ਦਖ਼ਲਅੰਦਾਜ਼ੀ ਕਰਦਿਆਂ ਸੰਘੀ-ਢਾਂਚੇ ਨੂੰ ਬਰਬਾਦ ਕੀਤਾ ਜਾ ਰਿਹਾ ਹੈ।