
ਦਿੱਲੀ ਮੋਰਚੇ ਤੋਂ ਵਾਪਸੀ ਵੇਲੇ ਵਾਪਰੇ ਹਾਦਸੇ ਕਾਰਨ ਮੌਤ ਦਾ ਸ਼ਿਕਾਰ ਹੋਏ ਕਿਸਾਨਾਂ ਦੀਆਂ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ
ਦੋ ਕਿਸਾਨਾਂ ਦੀ ਹੋਈ ਸੀ ਮੌਤ, ਅੱਧੀ ਦਰਜਨ ਕਿਸਾਨ ਜ਼ਖ਼ਮੀ
ਐਸ.ਏ.ਐਸ.ਨਗਰ, 15 ਦਸੰਬਰ (ਗੁਰਮੁਖ ਵਾਲੀਆ): ਦਿੱਲੀ ਬਾਰਡਰ ਉਤੇ ਚੱਲ ਰਹੇ ਕਿਸਾਨ ਮੋਰਚੇ ਤੋਂ ਵਾਪਸ ਆ ਰਹੇ ਕਿਸਾਨਾਂ ਦੇ ਟੈਂਪੂ ਨਾਲ ਹਾਦਸਾ ਵਾਪਰਨ ਕਾਰਨ ਦੋ ਕਿਸਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂਕਿ ਇਸ ਟੈਂਪੂ ਵਿਚ ਸ਼ਾਮਲ ਅੱਧੀ ਦਰਜਨ ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਕਿਸਾਨਾਂ ਦਾ ਇਹ ਟੈਂਪੂ ਦਿੱਲੀ ਤੋਂ ਪਰਤ ਰਿਹਾ ਸੀ ਅਤੇ ਬੀਤੀ ਰਾਤ 9 ਵਜੇ ਦੇ ਕਰੀਬ ਇਸ ਦੀ ਸਾਹਮ੍ਹਣੇ ਤੋਂ ਆ ਰਹੇ ਇਕ ਟੱਰਕ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਦੋ ਕਿਸਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨਾਂ ਦੇ ਨਾਮ ਸੁਖਦੇਵ ਸਿੰਘ, ਅਤੇ ਦੀਪ ਸਿੰਘ ਦਸੇ ਗਏ ਹਨ। ਇਨ੍ਹਾਂ ਤੋਂ ਇਲਾਵਾ ਟ੍ਰੈਂਪੂ ਦਾ ਡ੍ਰਾਈਵਰ ਮਨਪ੍ਰੀਤ ਸਿੰਘ ਅਤੇ ਟੈਂਪੂ ਵਿਚ ਸਵਾਰ ਪਵਨ ਕੁਮਾਰ, ਭਾਗ ਸਿੰਘ ਸਾਬਕਾ ਸਰਪੰਚ, ਮੂਲਾ ਰਾਮ, ਮਹੀਪਾਲ, ਦਿਲਬਾਗ ਸਿੰਘ ਪਿੰਡ ਰੰਗੀਆਂ ਅਤੇ ਸੁਖਦਰਸ਼ਣ ਸਿੰਘ ਹਾਦਸੇ ਕਾਰਨ ਗੰਭੀਰ ਜ਼ਖ਼ਮੀ ਹੋ ਗਏ।
ਟੈਂਪੂ ਦੇ ਡ੍ਰਾਈਵਰ ਮਨਪ੍ਰੀਤ ਸਿੰਘ ਵਸਨੀਕ ਪਿੰਡ ਮਜਾਤੜੀ ਨੇ ਦਸਿਆ ਕਿ ਟ੍ਰਾਲਾ ਗ਼ਲਤ ਸਾਈਡ ਤੋਂ ਆ ਰਿਹਾ ਸੀ ਅਤੇ ਉਸ ਨੇ ਟਂੈਪੂ ਵਿਚ ਆ ਕੇ ਸਿੱਧੀ ਟਕਰ ਮਾਰ ਦਿਤੀ। ਹਾਦਸੇ ਤੋਂ ਬਾਅਦ ਜ਼ਖ਼ਮੀ ਕਿਸਾਨਾਂ ਨੂੰ ਮੁਹਾਲੀ ਦੇ ਫ਼ੇਜ਼ 6 ਸਥਿਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਸੁਖਦੇਵ ਸਿੰਘ ਅਤੇ ਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ ਜਦੋਂਕਿ ਬਾਕੀ ਜ਼ਖ਼ਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਮਨਪ੍ਰੀਤ ਸਿੰਘ, ਮਹੀਪਾਲ ਅਤੇ ਸੁਖਦਰਸ਼ਨ ਸਿੰਘ ਨੂੰ ਪੀ ਜੀ ਆਈ ਭੇਜਿਆ ਗਿਆ ਹੈ ਜਦੋਂਕਿ ਮੂਲਾਰਾਮ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
imageਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਕਰਦੇ ਹੋਏ ਡਾਕਟਰ ।