
ਕਿਸਾਨ ਜਥੇਬੰਦੀਆਂ ਵਲੋਂ 20 ਦਸੰਬਰ ਨੂੰ ਦੇਸ਼ ਭਰ 'ਚ ਪਿੰਡ ਪੱਧਰ 'ਤੇ ਸ਼ਰਧਾਂਜਲੀ ਦਿਵਸ ਦਾ ਸੱਦਾ
ਮੋਰਚੇ ਦੌਰਾਨ ਮਰਨ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਨਾਲ ਅੰਦੋਲਨ ਤੇਜ਼ ਕਰਨ ਦਾ ਸੰਕਲਪ ਲੈਣਗੇ ਕਿਸਾਨ
ਚੰਡੀਗੜ੍ਹ, 15 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਿੱਲੀ ਦੇ ਸਿੰਘੂ ਬਾਰਡਰ 'ਤੇ ਮੀਟਿੰਗ ਤੋਂ ਬਾਅਦ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅਗਲੇ ਪ੍ਰੋਗਰਾਮ ਤਹਿਤ 20 ਦਸੰਬਰ ਨੂੰ ਪਿੰਡ ਪੱਧਰ 'ਤੇ ਦੇਸ਼ ਭਰ ਵਿਚ ਸ਼ਰਧਾਂਜਲੀ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਇਹ ਸ਼ਰਧਾਂਜਲੀ ਉਨ੍ਹਾਂ ਕਿਸਾਨਾਂ ਨੂੰ ਦਿਤੀ ਜਾਵੇਗੀ, ਜੋ ਦਿੱਲੀ ਮੋਰਚੇ ਦੌਰਾਨ ਮਾਰੇ ਗਏ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਹੁਣ ਤਕ 14 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹ ਕਿ 20 ਦਸੰਬਰ ਨੂੰ ਦੇਸ਼ ਭਰ ਵਿਚ ਪਿੰਡ ਪਿੰਡ ਸ਼ਰਧਾਂਜਲੀ ਦਿਵਸ ਮਨਾ ਕੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲੈਣਗੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤਕ ਅੰਦੋਲਨ ਜਾਰੀ ਰੱਖਣ ਲਈ ਦ੍ਰਿੜ ਹਨ। ਕੇਂਦਰ ਸਰਕਾਰ ਨੂੰ ਉਸ ਵਲੋਂ ਦਿਤੇ ਸੁਝਾਵਾਂ ਨੂੰ ਰੱਦ ਕਰਨ ਦਾ ਲਿਖਤੀ ਪੱਤਰ ਵੀ ਭੇਜ ਦਿਤਾ ਜਾਵੇਗਾ ਅਤੇ ਗੱਲਬਾਤ ਦਾ ਲਿਖਤੀ ਸੱਦਾ ਆਉਣ 'ਤੇ ਵਿਚਾਰ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦਸਿਆ ਕਿ ਕੇਂਦਰ ਕਹਿੰਦਾ ਹੈ ਕਿ ਉਸ ਵਲੋਂ ਦਿਤੇ ਸੁਝਾਵਾਂ ਦਾ ਕਿਸਾਨ ਲੀਡਰਾਂ ਨੇ ਜਵਾਬ ਦਿਤਾ। ਉਨ੍ਹਾਂ ਕਿਹਾ ਕਿ ਅਸੀ ਤਾਂ ਮੀਟਿੰਗ ਵਿਚ ਹੀ ਕਹਿ ਆਏ ਸੀ ਕਿ ਸਾਰੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕੋਈ ਗੱਲ ਪ੍ਰਵਾਨ ਨਹੀਂ, ਇਸ ਲਈ ਲਿਖ ਕੇ ਕੀ ਦੇਣਾ ਹੈ। ਪਰ ਸਰਕਾਰ ਕਹਿੰਦੀ ਹੈ ਤਾਂ ਲਿਖ ਕੇ ਵੀ ਭੇਜ ਰਹੇ ਹਾਂ ਕਿ ਸਾਨੂੰ ਤਿੰਨ ਕਾਲੇ ਕਾਨੂੰਨਾਂ ਦੇ ਮੁਕੰਮਲ ਖ਼ਾਤਮੇ ਤੋਂ ਬਿਨਾਂ ਕੋਈ ਚੀਜ਼ ਪ੍ਰਵਾਨ ਨਹੀਂ ਤੇ ਅਸੀ ਕੇਵਲ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਹੀ ਗੱਲ ਕਰ ਸਕਦੇ ਹਾਂ। ਉਸ ਮਗਰੋਂ ਜੋ ਲਿਖਤੀ ਜਵਾਬ ਕੇਂਦਰ ਵਲੋਂ ਆਏਗਾ, ਉਸ ਨੂੰ ਵਿਚਾਰ ਕੇ ਫ਼ੈਸਲਾ ਕੀਤਾ ਜਾਏਗਾ ਕਿ ਅੱਗੋਂ ਕੀ ਕਰਨਾ ਚਾਹੀਦਾ ਹੈ। ਤਦ ਤਕ ਅੰਦੋਲਨ ਤੇਜ਼ ਹੁੰਦਾ ਰਹੇਗਾ।
ਯੂ.ਪੀ. ਦੇ ਕਿਸਾਨ ਆਗੂ ਰਿਸ਼ੀਪਾਲ ਅਮਾਵਤ ਨੇ ਕਿਹਾ ਕਿ 16 ਦਸੰਬਰ ਨੂੰ ਨੋਇਡਾ-ਦਿੱਲੀ ਬਾਰਡਰ ਮੁੜ ਜਾਮ ਕਰ ਦਿਤਾ ਜਾਵੇਗਾ ਜੋ ਕੁੱਝ ਆਗੂਆਂ ਨੇ ਸਰਕਾਰ ਨਾਲ ਮਿਲ ਕੇ ਬੀਤੇ ਦਿਨੀਂ ਖੋਲ੍ਹ ਦਿਤਾ ਸੀ। ਉਨ੍ਹਾਂ ਦਸਿਆ ਕਿ ਇਹ ਅੰਦੋਲਨ ਹੁਣ ਪੰਜਾਬ, ਹਰਿਆਣਾ ਦਾ ਨਹੀਂ ਰਿਹਾ ਬਲਕਿ ਦੇਸ਼ ਦੇ 350 ਜ਼ਿਲ੍ਹਿਆਂ ਤਕ ਫੈਲ ਚੁੱਕਾ ਹੈ। ਹਰਿਆਣਾ ਦੇ ਕਿਸਾਨ ਆਗੂ ਤੇ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਤੀਨਿਧ ਇੰਦਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਹੁਣ ਜਥੇਬੰਦੀਆਂ ਵਿਚ ਫੁੱਟ ਪਾਉਣ ਤੇ ਅੰਦੋਲਨ ਨੂੰ ਬਦਨਾਮ ਕਰਨ ਦੇ ਹੱਥਕੰਡੇ ਵਰਤ ਰਿਹਾ ਹੈ ਪਰ ਸਾਰੇ ਸੰਘਰਸ਼ਸ਼ੀਲ ਸੰਗਠਨਾਂ ਦੇ ਆਗੂ ਸੁਚੇਤ ਹਨ। ਕੇਂਦਰ ਦੀਆਂ ਅਜਿਹੀਆਂ ਸਾਜ਼ਸ਼ਾਂ ਸਫ਼ਲ ਨਹੀਂ ਹੋਣ ਦਿਤੀਆਂ ਜਾਣਗੀਆਂ।
imageਬੀ.ਕੇ.ਯੂ. ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਰਾਜਾਂ ਦੇ ਕਿਸਾਨ ਆਗੂ ਪ੍ਰੈਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦੇ ਹੋਏ।