
ਕੁੰਡਲੀ ਦੀ ਤਰ੍ਹਾਂ ਸਿੰਘੂ ਬਾਰਡਰ ਵਿਖੇ ਵੀ ਕਿਸਾਨਾਂ 'ਚ ਬਾਕਮਾਲ ਭਾਈਚਾਰਕ ਸਾਂਝ
ਹਿੰਦੂ, ਸਿੱਖ ਅਤੇ ਮੁਸਲਮਾਨ ਸੰਗਤਾਂ ਲਈ ਇਕੱਠੇ ਤਿਆਰ ਕਰ ਰਹੇ ਹਨ ਲੰਗਰ
ਸਿੰਘੂ ਬਾਰਡਰ (ਦਿੱਲੀ), 15 ਦਸੰਬਰ (ਗੁਰਿੰਦਰ ਸਿੰਘ ਕੋਟਕਪੂਰਾ): ਸਾਲ 1919 ਦੇ ਜਲਿਆਂ ਵਾਲੇ ਬਾਗ਼ ਦੇ ਸਾਕੇ ਤੋਂ 101 ਸਾਲ ਬਾਅਦ ਅਰਥਾਤ 1947 ਦੀ ਹਿੰਦ-ਪਾਕਿ ਵੰਡ, 1966 ਪੰਜਾਬੀ ਸੂਬਾ, 1975 ਐਮਰਜੈਂਸੀ, 1984 ਬਲਿਊ ਸਟਾਰ ਅਪ੍ਰੇਸ਼ਨ ਦੀ ਤਰ੍ਹਾਂ 2020 ਵੀ ਕਿਸਾਨ ਅੰਦੋਲਨ ਦੇ ਨਾਂਅ ਨਾਲ ਯਾਦਗਾਰੀ ਸਾਲਾਂ 'ਚ ਸ਼ਾਮਲ ਹੋਣ ਜਾ ਰਿਹਾ ਹੈ। ਹਾਕਮਾ ਦੀ ਗੋਦ 'ਚ ਬੈਠੇ ਮੀਡੀਏ ਨੂੰ ਗੋਦੀ ਮੀਡੀਆ ਕਹਿ ਕੇ ਭੰਡਣ ਦੇ ਨਾਲ-ਨਾਲ ਹਰ ਬੁਲਾਰਾ ਗੋਦੀ ਮੀਡੀਏ ਸਮੇਤ ਭਾਜਪਾ, ਆਰਐਸਐਸ ਅਤੇ ਫਿਰਕੂ ਟੋਲੇ ਨੂੰ ਲੰਮੇ ਹੱਥੀਂ ਲੈਣ ਤੋਂ ਨਹੀਂ ਝਿਜਕਦਾ। ਕੁੰਡਲੀ ਦੀ ਤਰ੍ਹਾਂ ਸਿੰਘੂ ਬਾਰਡਰ ਦੀ ਮੁੱਖ ਸਟੇਜ਼ ਦੇ ਪਿਛਲੇ ਪਾਸੇ ਵੀ ਦੇਖਿਆਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਦਿੱਲੀ ਦਾ ਬਾਰਡਰ ਨਹੀਂ ਬਲਕਿ ਕਿਸੇ ਦੁਸ਼ਮਣ ਦੇਸ਼ ਦੀ ਫ਼ੌਜ ਬੈਰੀਅਰ ਹੀ ਬੈਰੀਅਰ ਫਿੱਟ ਕਰ ਕੇ ਅੱਥਰੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਮਾਰਨ ਵਾਲੀਆਂ ਗੱਡੀਆਂ ਨਾਲ ਤਿਆਰ ਬਰ ਤਿਆਰ ਖੜੀ ਹੈ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਸਿੰਘੂ ਬਾਰਡਰ ਵਿਖੇ ਜਾ ਕੇ ਮਹਿਸੂਸ ਕੀਤਾ ਕਿ ਲਗਭਗ 20 ਕਿਲੋਮੀਟਰ ਦਾ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾ ਦਾ ਲੰਮਾ ਕਾਫ਼ਲਾ, ਉਨਾਂ ਵਿਚ ਹੀ ਬਣਾਏ ਹੋਏ ਆਰਜੀ ਰਹਿਣ ਬਸੇਰੇ ਅਤੇ ਟ੍ਰੈਫ਼ਿਕ ਜਾਮ ਕਾਰਨ ਘੱਟੋ ਘੱਟ 5 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨ ਦੀ ਮਜਬੂਰੀ, ਸਾਰੇ ਰਸਤਿਆਂ 'ਚ ਭਾਂਤ-ਭਾਂਤ ਦੇ ਲੰਗਰ ਛਕਣ ਲਈ ਸੰਗਤਾਂ ਨੂੰ ਅਵਾਜ਼ਾਂ ਮਾਰਨ ਵਾਸਤੇ ਗੂੰਜ ਰਹੇ ਸਪੀਕਰ, ਕਈ ਪਾਸੇ ਗੁਰਬਾਣੀ-ਕੀਰਤਨ ਵਰਗਾ ਨਜ਼ਾਰਾ ਦੇਖ ਕੇ ਇੰਝ ਪ੍ਰਤੀਤ ਹੋਇਆ ਕਿ ਜਿਵੇਂ ਉਕਤ ਆਵਾਜਾਂ ਕਿਸੇ ਵੱਡੇ ਗੁਰਦਵਾਰਾ ਸਾਹਿਬ 'ਚੋਂ ਆ ਰਹੀਆਂ ਹੋਣ।
ਉੱਥੇ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਰੋਜ਼ਾਨਾ ਸਵੇਰੇ ਅਤੇ ਸ਼ਾਮ ਅਰਦਾਸ 'ਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾ ਦੇ ਰੱਦ ਹੋਣ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਹਾਰ ਤੇ ਕਿਸਾਨਾ ਦੀ ਜਿੱਤ ਹੋਣ ਦਾ ਅਰਦਾਸ 'ਚ ਵਿਸ਼ੇਸ਼ ਜ਼ਿਕਰ ਹੁੰਦਾ ਹੈ। ਖਾਣ-ਪੀਣ ਦੇ ਲੰਗਰਾਂ ਤੋਂ ਇਲਾਵਾ ਮੈਡੀਕਲ ਕੈਂਪ, ਗੱਦੇ, ਚਾਦਰਾਂ, ਕੰਬਲਾਂ, ਲੋਈਆਂ, ਤੋਲੀਏ, ਟੂਥ-ਬਰਸ਼, ਪੇਸਟਾਂ ਸਮੇਤ ਧਾਰਮਿਕ ਅਤੇ ਇਤਿਹਾਸਿਕ ਕਿਤਾਬਾਂ ਵਰਗੀਆਂ ਨਿੱਤ ਵਰਤੋਂ ਵਾਲੀਆਂ ਜ਼ਰੂਰੀ ਵਸਤੂਆਂ ਦੇ ਲੰਗਰ ਵੀ ਵਿਲੱਖਣ ਨਜਾਰਾ ਪੇਸ਼ ਕਰ ਰਹੇ ਹਨ।
ਹਰਿਆਣੇ ਵਾਲੇ ਕਿਸਾਨ ਵੀ ਅਪਣੇ ਪਰਵਾਰਾਂ ਸਮੇਤ ਪੰਜਾਬੀਆਂ ਦੀ ਸੇਵਾ 'ਚ ਰੁੱਝੇ ਹੋਏ ਹਨ। ਦੋਨੋਂ ਦੀ ਭਾਈਚਾਰਕ ਸਾਂਝ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਮੇਂ ਦੇ ਹਾਕਮਾ ਨੇ ਹੀ ਹਰਿਆਣਵੀਆਂ ਅਤੇ ਪੰਜਾਬੀਆਂ 'ਚ ਮਤਭੇਦ ਪੈਦਾ ਕਰ ਕੇ ਅਪਣੀਆਂ ਸਿਆਸੀ ਰੋਟੀਆਂ ਸੇਕ ਕੇ ਹੀ ਸਮੇਂ-ਸਮੇਂ ਸੱਤਾ ਦਾ ਆਨੰਦ ਮਾਣਿਆ ਹੋਵੇ। ਹਿੰਦੂ, ਸਿੱਖ ਅਤੇ ਮੁਸਲਮਾਨ ਆਪਸ 'ਚ ਭਾਈ-ਭਾਈ ਦੇ ਨਾਹਰੇ ਲਾ ਕੇ ਇਕੱਠੇ ਲੰਗਰ ਤਿਆਰ ਕਰ ਰਹੇ ਹਨ, ਮੁੱਖ ਸਟੇਜ਼ ਸਮੇਤ ਅਨੇਕਾਂ ਥਾਵਾਂ 'ਤੇ ਹਰਿਆਣੇ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਫਲੈਕਸ ਲੱਗੇ ਹੋਏ ਹਨ, ਜਿੱਥੇ ਮੋਦੀ ਸਰਕਾਰ ਦੇ ਵਿਰੁਧ ਨਾਹਰੇਬਾਜ਼ੀ ਅਤੇ ਤਰ੍ਹਾਂ-ਤਰ੍ਹਾਂ ਦੀ ਤੁੱਕਬੰਦੀ ਤੋਂ ਇਲਾਵਾ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਵੀ ਲਿਖਿਆ ਹੋਇਆ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-15-1ਏ