
ਜਦ ਅਕਾਲੀ ਦਲ ਅਪਣੀ ਹੋਂਦ ਲਈ ਜੂਝ ਰਿਹੈ, ਤਾਂ ਕਿਹੜੀ ਗੱਲੋਂ ਬਾਦਲ ਅਪਣੇ ਅਕਾਲੀ ਹੋਣ 'ਤੇ ਮਾਣ ਕਰ ਰਹੇ ਹਨ? : ਜੀ.ਕੇ.
ਕਿਹਾ, ਸ਼੍ਰੋਮਣੀ ਕਮੇਟੀ ਨੂੰ ਵੀ ਅਪਣੀ ਇਕ ਸ਼ਾਖ ਬਣਾ ਕੇ ਬਾਦਲਾਂ ਨੇ ਖ਼ਤਮ ਕਰ ਕੇ ਰੱਖ ਦਿਤੈ
ਨਵੀਂ ਦਿੱਲੀ, 15 ਦਸੰਬਰ (ਅਮਨਦੀਪ ਸਿੰਘ): ਕਦੇ ਦਿੱਲੀ ਵਿਚ ਬਾਦਲਾਂ ਦੇ ਪੈਰ ਲਵਾਉਣ ਵਾਲੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ 'ਜਾਗੋ' ਪਾਰਟੀ ਦੇ ਮੋਢੀ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ 'ਤੇ ਬਾਦਲ ਪਰਵਾਰ ਨੂੰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਤਬਾਹੀ ਦਾ ਦੋਸ਼ੀ ਮੰਨਿਆ ਹੈ। ਉਨ੍ਹਾਂ ਕਿਹਾ ਬਾਦਲਾਂ ਨੇ ਪ੍ਰਵਾਰਕ ਤੇ ਵਪਾਰਕ ਹਿਤਾਂ ਤੋਂ ਅਕਾਲੀ ਦਲ ਨੂੰ ਕੁਰਬਾਨ ਕਰ ਦਿਤਾ ਹੈ। ਇਸੇ ਲਈ ਅੱਜ 100ਵੇਂ ਸਾਲ ਵਿਚ ਅਕਾਲੀ ਦਲ ਅਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ।
ਉਨ੍ਹਾਂ ਕਿਹਾ,“ਕਦੇ ਮਾਸਟਰ ਤਾਰਾ ਸਿੰਘ ਤੇ ਜਥੇਦਾਰ ਸੰਤੋਖ ਸਿੰਘ ਵਰਗਿਆਂ ਨੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ, ਪਰ ਅੱਜ ਬਾਦਲ ਪ੍ਰਵਾਰ ਨੇ ਤਾਂ ਸ਼ਹੀਦਾਂ ਦੇ ਡੁੱਲ੍ਹੇ ਲਹੂ ਨਾਲ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਨੂੰ ਵੀ ਅਪਣੀ ਇਕ ਸ਼ਾਖ ਬਣਾ ਕੇ ਰੱਖ ਦਿਤਾ ਹੈ ਜੋ ਇਤਿਹਾਸ ਨੂੰ ਕਲੰਕਿਤ ਕਰਨ ਵਾਂਗ ਹੈ। ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਦੇ 100 ਸਾਲਾ ਦਿਹਾੜੇ 'ਤੇ ਉਹ ਲੋਕ ਬੇਸ਼ਰਮੀ ਨਾਲ ਅਪਣੇ ਅਕਾਲੀ ਹੋਣ 'ਤੇ ਮਾਣ ਕਰ ਰਹੇ ਹਨ, ਜੋ ਅਕਾਲ ਨੂੰ ਮੰਨਣ ਤੋਂ ਇਨਕਾਰੀ ਹੋ ਕੇ, ਸਿੱਖਾਂ ਦੇ ਮਨਾਂ ਤੋਂ ਲਹਿ ਗਏ ਹਨ।''