
ਜਸਟਿਸ ਕੁਲਦੀਪ ਸਿੰਘ ਦੀ ਰੀਪੋਰਟ ਦੇ ਆਧਾਰ ਤੇ ਸਬੰਧਤ ਦੋਸ਼ੀਆਂ ’ਤੇ ਮਾਮਲਾ ਦਰਜ ਹੋਵੇ : ਖਾਲੜਾ ਮਿਸ਼ਨ
ਅੰਮ੍ਰਿਤਸਰ, 15 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਮੰਨੂਵਾਦੀਆਂ ਦੀ ਕੇਜਰੀਵਾਲ ਧਿਰ ’ਤੇ ਸਖ਼ਤ ਹਮਲਾ ਬੋਲਦਿਆਂ ਕਿਹਾ ਹੈ ਕਿ ਕੇਜਰੀਵਾਲ ਤਿਰੰਗਾ ਯਾਤਰਾ ਦੀ ਆੜ ਵਿਚ ਸਿੱਖੀ ਨੂੰ ਵੰਗਾਰ ਰਿਹਾ ਹੈ, ਉਹ ਭੁੱਲ ਗਿਆ ਹੈ ਕਿ ਮੰਨੂਵਾਦੀਆ ਦੀ ਹੋਂਦ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਿੱਖਾਂ ਵਲੋਂ ਜਬਰ ਜ਼ੁਲਮ ਵਿਰੁਧ ਦਿਤੀਆਂ ਮਹਾਨ ਸ਼ਹਾਦਤਾਂ ਕਰ ਕੇ ਹੈ।
ਇਸ ਮੌਕੇ ਆਗੂ ਪ੍ਰਵੀਨ ਕੁਮਾਰ, ਦਰਸ਼ਨ ਸਿੰਘ, ਹਰਮਨਦੀਪ ਸਿੰਘ ਅਤੇ ਕਿ੍ਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੇਜਰੀਵਾਲ ਨੂੰ ਤਿਰੰਗਾ ਯਾਤਰਾ ਨਾਗਪੁਰ ਵਿਚ ਕਰਨੀ ਚਾਹੀਦੀ ਸੀ ਜਿਥੇ ਲਗਾਤਾਰ ਤਿਰੰਗੇ ਦਾ ਵਿਰੋਧ ਹੁੰਦਾ ਰਿਹਾ। ਉਹ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਚੜਾਈ ਤੇ ਝੂਠੇ ਮੁਕਾਬਲਿਆਂ ਦਾ ਵਿਰੋਧ ਕਰਨ ਦੀ ਬਜਾਏ ਸਿੱਖੀ ਦੇ ਵਿਰੋਧ ਵਿਚ ਆ ਖੜਾ ਹੋਇਆ ਕਿਉਂਕਿ ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ। ਕੇਜਰੀਵਾਲ ਦਸੇ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਿਉਂ ਨਹੀਂ ਹੋ ਰਹੀ।? ਜਥੇਬੰਦੀਆਂ ਨੇ ਮੰਗ ਕੀਤੀ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੇ ਆਧਾਰ ’ਤੇ ਜਿਨ੍ਹਾਂ ਮੁੱਖ ਮੰਤਰੀਆਂ ਤੇ ਉਨ੍ਹਾਂ ਦੇ ਪੁੱਤ ਭਤੀਜਿਆਂ ਨੇ 900 ਏਕੜ ਤੋਂ ਇਲਾਵਾ 25 ਹਜ਼ਾਰ ਏਕੜ ਜ਼ਮੀਨ ਦਬੀ ਹੈ ਉਨ੍ਹਾਂ ਵਿਰੁਧ ਐਫ਼.ਆਈ.ਆਰ. ਦਰਜ ਹੋਵੇ। ਲੋਟੂ ਢਾਣੀ ਵਿਰੁਧ ਕਾਰਵਾਈ ਤੋਂ ਬਿਨਾਂ ਪੰਜਾਬ, ਕਿਸਾਨ, ਗ਼ਰੀਬ ਕਰਜ਼ਾ ਮੁਕਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ 8 ਸਾਲ ਦਾ ਸਮਾਂ ਲੰਘ ਜਾਣ ’ਤੇ ਵੀ ਨਾ ਸਰਕਾਰ ਤੇ ਨਾ ਕੋਈ ਏਜੰਸੀ, ਈ.ਡੀ., ਐਨ.ਆਈ.ਏ., ਸੀ.ਬੀ.ਆਈ. ਇਸ ਵੱਡੇ ਘਪਲੇ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰ ਸਕੀ। ਯੂ.ਏ.ਪੀ.ਏ., ਐਨ.ਆਈ.ਏ., ਬੀ.ਐਸ.ਐਫ਼., ਜੀ.ਐਸ.ਟੀ. ਧਾਰਾ 370 ਦੇ ਮੁੱਦਿਆ ਤੇ ਕਾਂਗਰਸ, ਭਾਜਪਾ, ਆਰ.ਐਸ.ਐਸ., ਬਾਦਲਕੇ, ਕੇਜਰੀਵਾਲਕਿਆ ਨੇ ਪੰਜਾਬ ਨਾਲ ਧੋ੍ਰਹ ਕਮਾਇਆ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਐਨ.ਆਈ.ਏ. ਦੇ ਵਿਰੁਧ ਤੇ ਪੰਜਾਬ ਵਿਚ ਧਾਰਾ 370 ਲਾਗੂ ਕਰਾਉਣ ਲਈ ਮਤਾ ਪਾਸ ਹੋਵੇ।