ਪ੍ਰੇਸ਼ਾਨ ਸ਼ਹਿਰ ਵਾਸੀਆਂ ਨੇ ਕੀਤੀ ਜਾਂਚ ਦੀ ਮੰਗ, ਕਿਹਾ- ਹੋ ਰਹੀ ਲੋਕਾਂ ਦੇ ਪੈਸੇ ਦੀ ਬਰਬਾਦੀ
365 ਦਿਨ ਵੀ ਨਹੀਂ ਚੱਲਿਆ 5200 ਰੁਪਏ ਦੀ ਲਾਗਤ ਵਾਲਾ ਬੈਂਚ!
ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਵਲੋਂ ਲੱਖਾਂ ਰੁਪਏ ਖਰਚ ਕੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲੋਕਾਂ ਦੇ ਬੈਠਣ ਲਈ ਰਖਵਾਏ ਸੀਮੈਂਟ ਦੇ ਬਣੇ ਬੈਂਚ ਟੁੱਟਣੇ ਸ਼ੁਰੂ ਹੋ ਗਏ ਹੈ। ਕੌਂਸਲ ਅਧਿਕਾਰੀਆਂ ਮੁਤਾਬਕ ਇੱਕ ਬੈਂਚ ਦੀ ਕੀਮਤ 5200 ਰੁਪਏ ਹੈ, ਸ਼ਹਿਰ ਦੇ 19 ਵਾਰਡਾਂ ਵਿੱਚ ਕਰੀਬ 250 ਬੈਂਚ ਠੇਕੇਦਾਰ ਵਲੋਂ ਰੱਖੇ ਗਏ ਸਨ। ਕਰੀਬ 5200 ਰੁਪਏ ਦੀ ਕੀਮਤ ਵਾਲੇ ਵੱਖ ਵੱਖ ਥਾਵਾਂ ਤੇ ਪਏ ਬੈਂਚ ਕਿੰਨੀ ਘਟੀਆਂ ਸਮਗਰੀ ਨਾਲ ਤਿਆਰ ਕੀਤੇ ਗਏ ਹਨ, ਇਸ ਦੀ ਪੋਲ ਨਗਰ ਕੌਂਸਲ ਦਫਤਰ ਦੇ ਬਾਹਰ ਖਿੱਲਰੇ ਬੈਂਚ ਦੀ ਸਲੈਬ ਨਾਲ ਢੱਕੇ ਮੇਨਹੋਲ ਤੋਂ ਸਾਫ਼ ਪਤਾ ਲਗ ਰਿਹਾ ਹੈ।
ਇਸ ਤੋਂ ਇਲਾਵਾ ਨੇਚਰ ਪਾਰਕਾਂ ਸਮੇਤ ਹੋਰਨਾਂ ਥਾਵਾਂ ਤੇ ਦਰਜਨਾਂ ਦੀ ਗਿਣਤੀ ਵਿੱਚ ਟੁੱਟ ਕੇ ਖਿੱਲਰੇ ਪਏ ਇਹ ਬੈਂਚ ਆਪਣੀ ਕਹਾਣੀ ਆਪ ਬਿਆਨ ਕਰ ਰਹੇ ਹਨ। ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਅਤੇ ਲੋਕਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਵਿਕਾਸ ਦੇ ਦਾਅਵੇ ਕਰਦਿਆਂ ਕਈ ਕੰਮ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਕਾਸ ਕਾਰਜਾਂ ਤਹਿਤ ਗਲੀਆਂ ਵਿੱਚ ਕਰੀਬ 1 ਸਾਲ ਪਹਿਲਾ ਬੈਂਚ ਰਖਵਾਏ ਗਏ ਸਨ।
ਬੈਂਚ ਰੱਖਣ ਤੋਂ 2-3 ਮਹੀਨੇ ਬਾਅਦ ਹੀ ਇਹ ਟੁੱਟਣੇ ਸ਼ੁਰੂ ਹੋ ਗਏ ਸਨ। ਕੌਂਸਲ ਅਧਿਕਾਰੀਆਂ ਨੇ ਉਸ ਸਮੇਂ ਠੇਕੇਦਾਰ ਨੂੰ ਕਹਿ ਕੇ ਬੈਂਚ ਬਦਲਵਾਉਣ ਦਾ ਭਰੋਸਾ ਦਿੱਤਾ ਸੀ। ਹੁਣ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਚੁਕੇ ਹਨ। ਇਹ ਬੈਂਚ ਆਪਣੀ ਬਦਹਾਲੀ ਤੇ ਆਪ ਅੱਥਰੂ ਵਹਾ ਰਹੇ ਹਨ। ਸ਼ਹਿਰ ਤੋਂ ਇਲਾਵਾ ਨੇਚਰ ਪਾਰਕ ਵਿੱਚ ਲੋਕਾਂ ਦੇ ਬੈਠਣ ਲਈ 10-12 ਬੈਂਚ ਰੱਖੇ ਹੋਏ ਹਨ ਪਰ ਉਨ੍ਹਾਂ ਵਿਚੋਂ ਇੱਕ ਵੀ ਬੈਂਚ ਸਾਬਤ ਨਹੀਂ ਹੈ। ਬੈਂਚਾ ਉਪਰ ਬੈਠਣ ਵਾਲੇ ਲੋਕਾਂ ਨੇ ਜੁਗਾੜ ਲਾਉਂਦੇ ਨੀਚੇ ਇੱਟਾ ਦੀ ਸਪੋਟ ਲਗਾ ਡੰਗ ਸਾਰ ਰਹੇ ਹਨ।
ਸ਼ਹਿਰ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਇਨ੍ਹਾਂ ਬੈਂਚਾਂ ਦੀ ਕੁਆਲਟੀ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਗੱਲ ਕਰਨ ਤੇ ਕੌਂਸਲ ਦੇ ਜੇ.ਈ. ਤਾਰਾ ਚੰਦ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਜਿਸ ਠੇਕੇਦਾਰ ਵਲੋਂ ਬੈਂਚ ਰੱਖੇ ਗਏ ਹਨ, ਅਜੇ ਤੱਕ ਉਸ ਦਾ ਬਿਲ ਪਾਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਹੀ ਪੈਸੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਸ ਬਾਰੇ ਗੱਲ ਕਰਨ 'ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਸਰਕਾਰ ਦੇ ਰਾਜ ਵਿੱਚ ਹੋਏ ਕੰਮਾਂ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ।