
ਇਨਸਾਫ਼ ਮੋਰਚੇ ਨੇ ਸਮਾਂ ਦੇਣ ਤੋਂ ਕੀਤਾ ਇਨਕਾਰ, ਕਿਹਾ- 7 ਜਨਵਰੀ ਤੱਕ ਇਨਸਾਫ਼ ਨਾ ਦਿੱਤਾ ਤਾਂ ਸੰਘਰਸ਼ ਕਰਾਂਗੇ ਹੋਰ ਤੇਜ਼
ਕੋਟਕਪੂਰਾ: ਪੰਜਾਬ ਦੇ ਬਹਿਬਲ ਕਲਾਂ ਬੇਅਦਬੀ ਕਾਂਡ ਵਿੱਚ ਇਨਸਾਫ਼ ਮੋਰਚਾ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਮੋਰਚੇ ਵਿੱਚ ਸ਼ਾਮਲ ਸਿੱਖਾਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੂੰ ਇੱਕ ਪਾਸੇ ਤੋਂ ਜਾਮ ਕਰ ਦਿੱਤਾ ਹੈ। 15 ਦਸੰਬਰ ਦੀ ਦੇਰ ਸ਼ਾਮ ਮੋਰਚੇ ਵੱਲੋਂ ਹਾਈਵੇਅ ਨੂੰ ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਸੀ ਪਰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਸ਼ਹੀਦੀ ਜੋੜ ਮੇਲੇ ਲਈ ਰਸਤਾ ਖੋਲ੍ਹਣ ਦੀ ਅਪੀਲ ’ਤੇ ਸਿਰਫ਼ ਇੱਕ ਪਾਸਾ ਹੀ ਖੋਲ੍ਹਿਆ ਗਿਆ ਹੈ।
ਸਥਿਤੀ ਨੂੰ ਕਾਬੂ ਹੇਠ ਰੱਖਣ ਦੇ ਮਕਸਦ ਨਾਲ ਆਈਜੀ ਪ੍ਰਦੀਪ ਕੁਮਾਰ ਵੀ ਮੌਕੇ ’ਤੇ ਪੁੱਜੇ ਅਤੇ ਮੋਰਚੇ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਇਨਸਾਫ਼ ਮੋਰਚੇ ਵੱਲੋਂ ਕੌਮੀ ਸ਼ਾਹਰਾਹ ਨੂੰ ਦੋਵੇਂ ਪਾਸਿਆਂ ਤੋਂ ਜਾਮ ਕਰਨ ਮਗਰੋਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮੌਕੇ ’ਤੇ ਪੁੱਜੇ। ਉਨ੍ਹਾਂ ਸਿੱਖਾਂ ਨਾਲ ਗੱਲਬਾਤ ਕੀਤੀ। ਮੰਤਰੀ ਨੇ ਉਨ੍ਹਾਂ ਨੂੰ ਬੇਅਦਬੀ ਕਾਂਡ ਦੀ ਜਾਂਚ ਮੁਕੰਮਲ ਕਰਨ ਲਈ 2 ਮਹੀਨੇ ਦਾ ਸਮਾਂ ਮੰਗਿਆ ਪਰ ਸਿੱਖ ਸੰਗਤ ਨੇ ਹੋਰ ਸਮਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਨਸਾਫ਼ ਮੋਰਚੇ ਵੱਲੋਂ ਸਪੱਸ਼ਟ ਕਿਹਾ ਗਿਆ ਕਿ ਜੇਕਰ ਸਰਕਾਰ ਨੇ 7 ਜਨਵਰੀ ਤੱਕ ਇਨਸਾਫ਼ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਹੈ। ਇਸ ਕਾਰਨ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਮੋਰਚੇ ਵੱਲੋਂ ਇੱਕ ਰਸਤਾ ਖੋਲ੍ਹ ਦਿੱਤਾ ਗਿਆ ਪਰ ਦੂਜੇ ਪਾਸੇ ਸਾਰੇ ਹੀ ਵਿਰੋਧ ਕਰ ਰਹੇ ਹਨ। ਸਿੱਖ ਸੰਗਤ ਨੇ 7 ਜਨਵਰੀ ਤੱਕ ਸੜਕ ਨੂੰ ਇੱਕ ਪਾਸੇ ਤੋਂ ਬੰਦ ਰੱਖਣ ਦੀ ਚਿਤਾਵਨੀ ਦਿੱਤੀ ਹੈ ਅਤੇ ਉਸ ਤੋਂ ਬਾਅਦ ਸੜਕ ਨੂੰ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਜਾਵੇਗਾ।