
ਭਾਰਤ 'ਤੋਂ ਮਾਫ਼ੀ ਮੰਗੇ ਬਿਲਾਵਲ ਭੁੱਟੋ : ਸ਼ਰਮਾ
ਚੰਡੀਗੜ੍ਹ: ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਨੀਵੇਂ ਪੱਧਰ ਦਾ ਨੀਚਪਨਾ ਅਤੇ ਡਿੱਗੀ ਹੋਈ ਸੋਚ ਹੈI ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ, ਯੋਜਨਾਵਾਂ ਅਤੇ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਮੂਲਮੰਤਰ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਦੁਨੀਆਂ ਦੇ ਪ੍ਰਮੁੱਖ ਦੇਸ਼ ਖ਼ੁਦ ਭਾਰਤ ਨਾਲ ਦੋਸਤੀ ਕਰਨ ਲਈ ਅੱਗੇ ਆ ਰਹੇ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਿਲਾਵਲ ਭੁੱਟੋ ਆਪਣੇ ਵਿਦੇਸ਼ ਮੰਤਰੀ ਦੇ ਅਹੁਦੇ ਦੀ ਮਰਿਆਦਾ ਭੁੱਲ ਗਏ ਹਨ, ਜਿਸ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਘੋਰ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਅਜਿਹੀਆਂ ਟਿੱਪਣੀਆਂ ਸਹਿਣ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਭੁੱਟੋ ਨੇ ਆਪਣੇ ਨਾਨੇ ਦੀ ਮੌਤ ਤੋਂ ਵੀ ਕੋਈ ਸਬਕ ਨਹੀਂ ਸਿੱਖਿਆI ਉਹ 1971 ਦੀ ਹਾਰ ਦੇ ਉਹਨਾਂ ਦਿਨਾਂ ਨੂੰ ਭੁੱਲ ਗਏ ਹਨ, ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਇਸ ਬਿਆਨ ਕਾਰਨ ਭਾਰਤ ਵਾਸੀ ਬਹੁਤ ਗੁੱਸੇ ਵਿਚ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜੋ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਦੱਸਦਾ ਹੈ ਅਤੇ ਲੱਖਵੀ, ਹਾਫਿਜ ਸਾਈਦ, ਮਸੂਦ ਅਜਹਰ, ਸਾਜਿਦ ਮੀਰ ਅਤੇ ਦਾਊਦ ਇਬਰਾਹਿਮ ਵਰਗੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਬਿਲਾਵਲ ਭੁੱਟੋ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤੀ ਗਈ ਟਿੱਪਣੀ ਲਈ ਪਾਕਿਸਤਾਨ ਤੁਰੰਤ ਮੁਆਫ਼ੀ ਮੰਗੇ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਇਸ ਬਿਆਨ ਨਾਲ ਪਾਕਿਸਤਾਨ ਸਰਕਾਰ ਦਾ ਅਸਲੀ ਚਿਹਰਾ ਦੁਨੀਆਂ ਦੇ ਸਾਹਮਣੇ ਨੰਗਾ ਹੋ ਗਿਆ ਹੈI ਇਸ ਨਾਲ ਇੰਟਰਨੈਸ਼ਨਲ ਮੰਚ 'ਤੇ ਪਾਕਿਸਤਾਨ ਦੀ ਭਰਭੂਰ ਬਦਨਾਮੀ ਹੋਵੇਗੀ।