
ਕਰੀਬ ਪੰਜ ਮਹੀਨਿਆਂ ਤੋਂ ਫਰਾਰ ਸੀ ਮੀਨੂੰ ਮਲਹੋਤਰਾ
ਲੁਧਿਆਣਾ : ਪੰਜਾਬ ਦੇ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਸ਼ਾਮਲ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਪੰਕਜ ਮੀਨੂੰ ਮਲਹੋਤਰਾ ਨੇ ਆਤਮ ਸਮਰਪਣ ਕਰ ਦਿੱਤਾ ਹੈ। ਕੁਝ ਦੇਰ ਵਿੱਚ ਵਿਜੀਲੈਂਸ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਮੁਤਾਬਕ ਇਸ ਮਾਮਲੇ ਦਾ ਜਲਦ ਹੀ ਖੁਲਾਸਾ ਕੀਤਾ ਜਾਵੇਗਾ। ਮੀਨੂੰ 5 ਮਹੀਨਿਆਂ ਤੋਂ ਫਰਾਰ ਸੀ।
ਵਿਜੀਲੈਂਸ ਦੀ ਜਾਂਚ ਅਨੁਸਾਰ ਇਸ ਘੁਟਾਲੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ। ਵਪਾਰੀਆਂ ਨੂੰ ਲੱਭਣ ਤੋਂ ਲੈ ਕੇ ਟੈਂਡਰਾਂ ਲਈ ਭਾਅ ਤੈਅ ਕਰਨ ਤੱਕ ਦਾ ਸਾਰਾ ਕੰਮ ਮੀਨੂੰ ਹੀ ਕਰਦਾ ਸੀ। ਸੌਦਾ ਤੈਅ ਹੋਣ ਤੋਂ ਬਾਅਦ, ਪੈਸਿਆਂ ਦਾ ਲੈਣ-ਦੇਣ ਵੀ ਮੀਨੂ ਮਲਹੋਤਰਾ ਵੱਲੋਂ ਹੀ ਕੀਤਾ ਜਾਂਦਾ ਸੀ।
ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਹਿੱਸੇ ਦੀ ਵੰਡ ਕਰਨਾ ਉਸ ਦਾ ਕੰਮ ਸੀ। ਅੱਧੀ ਤੋਂ ਵੱਧ ਜ਼ਿੰਦਗੀ ਜਵਾਹਰ ਨਗਰ ਕੈਂਪ ਵਿੱਚ ਬਿਤਾਉਣ ਵਾਲਾ ਮੀਨੁ ਮਲਹੋਤਰਾ ਕੁਝ ਮਹੀਨਿਆਂ ਤੋਂ ਨਿਊ ਮਾਡਲ ਟਾਊਨ ਵਿੱਚ ਮਕਾਨ ਬਣਾ ਰਿਹਾ ਸੀ। ਵਿਜੀਲੈਂਸ ਵੱਲੋਂ ਇਸ ਕੋਠੀ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਹੈ ਕਿ ਮੀਨੂੰ ਮਲਹੋਤਰਾ ਆਸ਼ੂ ਦੇ ਪੀ.ਏ ਨਹੀਂ ਹਨ।
ਵਿਜੀਲੈਂਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕਣਕ ਦੀ ਲੋਡਿੰਗ-ਅਨਲੋਡਿੰਗ ਨਾਲ ਸਬੰਧਤ ਇਸ ਟੈਂਡਰ ਘੁਟਾਲੇ ਦੇ ਮੁੱਖ ਦੋਸ਼ੀ ਤੇਲੂ ਰਾਮ ਨੇ ਕੁਝ ਸਮਾਂ ਪਹਿਲਾਂ ਕਰੀਬ 20 ਏਕੜ ਜ਼ਮੀਨ ਖਰੀਦੀ ਸੀ। ਮੀਨੂੰ ਮਲਹੋਤਰਾ ਨੇ ਵੀ ਕਈ ਜਾਇਦਾਦਾਂ ਬਣਾਈਆਂ। ਇਸ ਸਬੰਧੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਰਾਕੇਸ਼ ਕੁਮਾਰ ਸਿੰਗਲਾ ਦੀ ਤਾਇਨਾਤੀ ਅਤੇ ਉਸ ਦੀ ਜਾਇਦਾਦ ਦੇ ਦਸਤਾਵੇਜ਼ ਵੀ ਇਕੱਠੇ ਕੀਤੇ ਜਾ ਰਹੇ ਹਨ।
ਵਿਜੀਲੈਂਸ ਬਿਊਰੋ ਦੀ ਹੁਣ ਤੱਕ ਦੀ ਜਾਂਚ ਅਨੁਸਾਰ ਤੇਲੂਰਾਮ ਨੇ ਟਰੱਕ ਦੀ ਥਾਂ ਕਾਰ-ਬਾਈਕ ਲੈ ਕੇ ਕਰੀਬ 25 ਕਰੋੜ ਰੁਪਏ ਪ੍ਰਾਪਤ ਕੀਤੇ ਹਨ । ਟੈਂਡਰ ਲਈ ਜਮ੍ਹਾਂ ਕਰਵਾਈਆਂ ਗਈਆਂ ਗੱਡੀਆਂ ਦੀ ਸੂਚੀ ਵਿੱਚ ਕਾਰਾਂ, ਸਕੂਟਰ-ਬਾਈਕ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਦਿੱਤੇ ਗਏ ਸਨ। ਜ਼ਿਲ੍ਹਾ ਟੈਂਡਰ ਕਮੇਟੀ ਨੇ ਕਣਕ ਢੋਣ ਵਾਲੇ ਵਾਹਨਾਂ ਦੀ ਸੂਚੀ ਦੀ ਪੜਤਾਲ ਕਰਨੀ ਸੀ ਪਰ ਕਮੇਟੀ ਦੇ ਮੈਂਬਰਾਂ ਨੇ ਮਿਲੀਭੁਗਤ ਨਾਲ ਟੈਂਡਰ ਵੀ ਅਲਾਟ ਕਰ ਦਿੱਤੇ।