ਸ਼ਿਲੌਂਗ ਦਾ ਪੰਜਾਬੀ ਲੇਨ ਇਲਾਕਾ ਜੱਦੀ ਪੁਸ਼ਤੀ ਸਿੱਖਾਂ ਦਾ ਹੈ: ਜਥੇਦਾਰ ਗੜਗਜ
ਸ਼ਿਲੌਂਗ/ ਸ੍ਰੀ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੇਘਾਲਿਆ ਦੇ ਸ਼ਿਲੌਂਗ ਸ਼ਹਿਰ ਵਿੱਚ ਪੰਜਾਬੀ ਲੇਨ ਵਿਖੇ ਵੱਸਦੇ ਸਿੱਖਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਇਸ ਦੌਰਾਨ ਇੱਥੇ ਸਥਿਤ ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੀ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਗੁਰੂ ਨਾਨਕ ਸਕੂਲ ਦਾ ਵੀ ਦੌਰਾ ਕੀਤਾ।
ਜਥੇਦਾਰ ਗੜਗੱਜ ਨੇ ਪੰਜਾਬੀ ਲੇਨ ਵਿੱਚ ਵੱਸਦੇ ਸਿੱਖਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸੋਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇੱਥੋਂ ਦੇ ਮੌਜੂਦਾ ਹਾਲਾਤ ਤੇ ਸਥਿਤੀ ਨੂੰ ਵਾਚਿਆ। ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ਿਲੌਂਗ ਦੀ ਪੰਜਾਬੀ ਲੇਨ ਵਿੱਚ ਵੱਸਦੇ ਸਿੱਖ ਚੜ੍ਹਦੀ ਕਲਾ ਵਿੱਚ ਹਨ ਅਤੇ ਸਿੱਖੀ ਤੇ ਗੁਰੂ ਘਰ ਨਾਲ ਜੁੜੇ ਹਨ।
ਉਨ੍ਹਾਂ ਕਿਹਾ ਕਿ ਸ਼ਿਲੌਂਗ ਦੀ ਇਸ ਧਰਤੀ ਉੱਤੇ ਸਿੱਖ ਸਦੀਆਂ ਤੋਂ ਵੱਸ ਰਹੇ ਹਨ। ਸਿੱਖਾਂ ਦੀ ਇੱਥੇ ਵੱਸੋਂ ਵਿੱਚ ਪੰਜਾਬੀ ਲੇਨ ਸਭ ਤੋਂ ਪੁਰਾਣਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਤੇ ਪੰਜਾਬੀਆਂ ਨੇ ਜਿੱਥੇ ਆਪਣੇ ਮਿਹਨਤ ਤੇ ਲਿਆਕਤ ਨਾਲ ਇੱਥੇ ਨਾਮਣਾ ਖੱਟਿਆ ਹੈ ਉੱਥੇ ਹੀ ਮੇਘਾਲਿਆ ਦੀ ਤਰੱਕੀ ਤੇ ਸਮਾਜ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ਿਲੌਂਗ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਤੇ ਸਮਰਪਣ ਭਾਵਨਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੇਨ ਇਲਾਕਾ ਜੱਦੀ ਪੁਸ਼ਤੀ ਸਿੱਖਾਂ ਦਾ ਹੈ ਅਤੇ ਸਿੱਖਾਂ ਦਾ ਹੀ ਰਹੇਗਾ ਕਿਉਂਕਿ ਇੱਥੇ ਰਹਿੰਦੇ ਸਿੱਖ ਵੀ ਮੇਘਾਲਿਆ ਤੇ ਸ਼ਿਲੌਂਗ ਦੇ ਵਾਸੀ ਹਨ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਜੀਤ ਸਿੰਘ ਵੀ ਹਾਜ਼ਰ ਸਨ।
