
ਮੁੱਖ ਮੰਤਰੀ ਵਲੋਂ ਵਿੱਤ ਵਿਭਾਗ ਨੂੰ ਤੁਰਤ 85 ਲੱਖ ਰੁਪਏ ਜਾਰੀ ਕਰਨ ਦੇ ਹੁਕਮ
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਗੁਰਦੇਵ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਪਵਿੱਤਰ ਸਰੋਵਰ ਵਿਚ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੀਂ ਜ਼ਮੀਨਦੋਜ਼ ਪਾਈਪ ਲਾਈਨ ਵਿਛਾਉਣ ਵਾਸਤੇ ਵਿੱਤ ਵਿਭਾਗ ਨੂੰ ਤੁਰਤ 85 ਲੱਖ ਰੁਪਏ ਜਾਰੀ ਕਰਨ ਦੇ ਹੁਕਮ ਦਿਤੇ ਹਨ।
Captain amarinder singh
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪੰਜਾਬ ਮੰਤਰੀ ਮੰਡਲ ਵਲੋਂ ਬੀਤੇ ਦਿਨ ਮੀਟਿੰਗ ਦੌਰਾਨ ਇਹ ਰਕਮ ਜਾਰੀ ਕਰਨ ਨੂੰ ਪ੍ਰਵਾਨਗੀ ਦਿਤੀ ਗਈ ਸੀ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਵਲੋਂ ਵਿੱਤ ਵਿਭਾਗ ਨੂੰ ਕਿਹਾ ਗਿਆ ਹੈ ਕਿ ਫ਼ੰਡ ਤੁਰਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਦਿਤੇ ਜਾਣ।
Photo
ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਮੁਕਤਸਰ ਸਾਹਿਬ) ਦੇ ਮੈਨੇਜਰ ਭਾਈ ਬਲਦੇਵ ਸਿੰਘ ਵਲੋਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਸਰੋਵਰ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਲਈ ਨਵੀਂ ਪਾਈਪ ਲਾਈਨ ਵਿਛਾਉਣ ਵਾਸਤੇ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ।
Photo
ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਨੂੰ ਹੰਸਲੀ ਵਾਲੀ ਜਗ੍ਹਾ ਤੋਂ ਸਰੋਵਰ ਤਕ ਡੂੰਘੀ ਪਾਈਪ ਲਾਈਨ ਵਿਛਾਉਣ ਬਾਰੇ ਲੋੜੀਂਦੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਸੀ ਜਿਸ 'ਤੇ ਤੁਰਤ ਕਾਰਵਾਈ ਕਰਦਿਆਂ ਪੰਜਾਬ ਮੰਤਰੀ ਮੰਡਲ ਵਲੋਂ 85 ਲੱਖ ਰੁਪਏ ਦੀ ਮਨਜ਼ੂਰੀ ਦੇ ਦਿਤੀ ਗਈ।
Photo
ਮੈਨੇਜਰ ਭਾਈ ਬਲਦੇਵ ਸਿੰਘ ਵਲੋਂ ਪੱਤਰ ਰਾਹੀਂ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਪਵਿੱਤਰ ਸਰੋਵਰ ਨੂੰ ਮੁਕਤਸਰ ਮਾਈਨਰ ਤੋਂ ਲੱਗੇ ਮੋਘੇ ਰਾਹੀਂ ਪਾਣੀ ਆਉਂਦਾ ਹੈ ਅਤੇ ਉਥੇ ਹੀ ਪਾਣੀ ਨੂੰ ਸਾਫ਼ ਕਰਨ ਲਈ ਇਕ ਟੈਂਕ ਬਣਿਆ ਹੈ। ਇਸ ਟੈਂਕ ਤੋਂ ਅੱਗੋਂ ਕੋਟਕਪੂਰਾ ਸੜਕ ਦੇ ਨਾਲ-ਨਾਲ ਤਕਰੀਬਨ 10 ਫੁੱਟ ਡੂੰਘੀ ਹੰਸਲੀ ਬਣੀ ਹੋਈ ਹੈ ਜਿਸ ਨੂੰ 80 ਸਾਲ ਹੋ ਚੁੱਕੇ ਹਨ ਅਤੇ ਬਹੁਤ ਪੁਰਾਣੀ ਹੋਣ ਕਰ ਕੇ ਉਹ ਕਈ ਥਾਵਾਂ ਤੋਂ ਲੀਕ ਹੈ।
Photo
ਇਸ ਨਾਲ ਵੱਖ-ਵੱਖ ਥਾਵਾਂ ਤੋਂ ਪਾਣੀ ਰਿਸਣ ਕਾਰਨ ਸੜਕ ਬੈਠ ਜਾਂਦੀ ਹੈ ਅਤੇ ਜੇਕਰ ਪਾਈਪ ਦੀ ਮੁਰੰਮਤ ਕਰਨੀ ਹੁੰਦੀ ਹੈ ਤਾਂ ਸੀਵਰ ਸਿਸਟਮ, ਬਿਜਲੀ ਦੇ ਖੰਭੇ, ਟੈਲੀਫ਼ੋਨ ਦੀਆਂ ਤਾਰਾਂ ਆਦਿ ਸਿਸਟਮ ਪ੍ਰਭਾਵਤ ਹੁੰਦਾ ਹੈ ਜਿਸ ਦੀ ਮੁਰਮਤ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਭਾਈ ਬਲਦੇਵ ਸਿੰਘ ਵਲੋਂ ਇਹ ਪੱਤਰ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸੌਂਪਿਆ ਗਿਆ ਸੀ।