
ਦਿੱਲੀ ਕਿਸਾਨੀ ਸੰਘਰਸ਼ ਲਈ 2 ਟਰੱਕ ਲੱਕੜਾਂ ਤੇ ਦੇਸੀ ਘਿਉ ਦੀਆਂ ਪਿੰਨੀਆਂ ਰਵਾਨਾ
ਫ਼ਿਰੋਜ਼ਪੁਰ, 16 ਜਨਵਰੀ (ਕੰਵਰਜੀਤ ਸਿੰਘ ਕੰਬੋਜ): ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਖੋਸਾ ਦੁਆਰਾ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਲਈ 2 ਟਰੱਕ ਲੱਕੜਾਂ ਅਤੇ 10 ਕੁਇੰਟਲ ਦੇਸੀ ਘਿਉ ਦੀਆਂ ਪਿੰਨੀਆਂ ਰਵਾਨਾ ਕੀਤੀਆਂ। ਇਹ ਪਿੰਨੀਆਂ ਇੰਦਰਜੀਤ ਕੌਰ ਖੋਸਾ ਦੁਆਰਾ ਖ਼ੁਦ ਸੇਵਾ ਕਰ ਕੇ ਬਿਰਧ ਆਸ਼ਰਮ ਰਾਮ ਬਾਗ ’ਚ ਤਿਆਰ ਕਰਵਾਈਆਂ ਗਈਆਂ। ਇਸ ਮੌਕੇ ਉਨ੍ਹਾਂ ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ ਵੀ ਹਾਜ਼ਰ ਸਨ। ਗੱਲਬਾਤ ਕਰਦੇ ਇੰਦਰਜੀਤ ਕੌਰ ਖੋਸਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸੜਕਾਂ ’ਤੇ ਕੜਾਕੇ ਦੀ ਠੰਡ ’ਚ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਲੱਖਾਂ ਕਿਸਾਨਾਂ ਦੀ ਹਮਾਇਤ ਕਰਦੇ ਹਨ ਅਤੇ ਉਨ੍ਹਾਂ ਦੀ ਸਹਾਇਤਾ ਵਜੋਂ ਇਹ ਰਾਹਤ ਸਮੱਗਰੀ ਤਿਆਰ ਕਰਵਾ ਕੇ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਵਰਗ ਕੇਂਦਰ ਦੀ ਮੋਦੀ ਸਰਕਾਰ ਦਾ ਸੰਤਾਪ ਹੰਡਾ ਰਿਹਾ ਹੈ। ਕਾਂਗਰਸ ਦੇ ਰਾਜ ’ਚ ਦੇਸ਼ ਖ਼ੁਸ਼ਹਾਲੀ ਵਲ ਵਧਿਆ ਸੀ ਪਰ ਹੁਣ ਭਾਜਪਾ ਸਰਕਾਰ ਦੇ ਰਾਜ ਵਿਚ ਬਰਬਾਦੀ ਵਲ ਵੱਧਦਾ ਜਾ ਰਿਹਾ ਹੈ। ਮਹਿੰਗਾਈ ਦਿਨ ਬ ਦਿਨ ਵਧਦੀ ਜਾ ਰਹੀ ਹੈ ਅਤੇ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਦੇਸ਼ ਦੇ ਅੰਨਦਾਤੇ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।