
ਹਰੀਕੇ ਝੀਲ 'ਤੇ ਲਾਈਆਂ ਪਰਿੰਦਿਆਂ ਨੇ ਰੌਣਕਾਂ, ਪਹੰੁਚੇ ਇਕ ਲੱਖ ਪ੍ਰਵਾਸੀ ਪੰਛੀ
ਹਰੀਕੇ/ਪੱਟੀ, 16 ਜਨਵਰੀ (ਅਜੀਤ ਘਰਿਆਲਾ): ਏਸ਼ੀਆ ਦੀਆਂ ਪ੍ਰਮੁੱਖ ਝੀਲਾਂ ਵਿਚੋਂ ਇਕ ਸਤਲੁਜ ਅਤੇ ਬਿਆਸ ਦੇ ਸੰਗਮ 'ਤੇ ਕਰੀਬ 86 ਕਿਲੋਮੀਟਰ ਦੇ ਇਲਾਕੇ ਵਿਚ ਫੈਲੀ ਹਰੀਕੇ ਝੀਲ ਵਿਚ ਇਸ ਸਾਲ ਹੁਣ ਤਕ ਇਕ ਲੱਖ ਦੇ ਕਰੀਬ ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ |
ਜ਼ਿਕਰਯੋਗ ਹੈ ਕਿ ਠੰਢ ਦੇ ਮੌਸਮ ਵਿਚ ਵੱਡੀ ਗਿਣਤੀ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਫ਼ਾਸਲਾ ਤੈਅ ਕਰ ਕੇ ਇਸ ਝੀਲ 'ਤੇ ਪੁੱਜਦੇ ਹਨ | ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਅੰਦੋਲਨ ਕਰ ਕੇ ਪੰਛੀ ਪ੍ਰੇਮੀਆਂ ਦੀ ਗਿਣਤੀ ਇਥੇ ਘੱਟ ਰਹੀ ਹੈ ਪਰ ਇਸ ਵਾਰ ਪ੍ਰਵਾਸੀ ਪੰਛੀ ਵੱਡੀ ਗਿਣਤੀ ਵਿਚ ਪੁੱਜੇ ਹਨ | ਮਾਹਰਾਂ ਵਲੋਂ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਇਥੇ ਠੰਢ ਦੇ ਮੌਸਮ ਵਿਚ ਪੰਛੀਆਂ ਦੀਆਂ ਤਿੰਨ ਸੌ ਤੋਂ ਜ਼ਿਆਦਾ ਪ੍ਰਜਾਤੀਆਂ ਆਉਂਦੀਆਂ ਹਨ | ਇਹ ਪੰਛੀ ਮਾਰਚ ਤੋਂ ਪਹਿਲਾਂ ਵਾਪਸ ਚਲੇ ਜਾਂਦੇ ਹਨ | ਸਾਈਬੇਰੀਆ, ਰੂਸ, ਅਮਰੀਕਾ, ਕਜ਼ਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਇਨ੍ਹਾਂ ਪੰਛੀਆਂ ਵਿਚ ਕੂਟ, ਸ਼ਵਲimageਰ, ਪਿੰਨਟੇਲ, ਗਰੇਲੈਗ ਗੀਜ, ਬਾਰਹੈਡਿਡ, ਪਿੰਨਟੇਲ, ਗਰੇਵ, ਸਪੂਨਬਿਲ, ਰਿਵਰਟਰਨ, ਸੀਗਲ, ਲਾਰਜ ਕਰਿਸਟਲ ਗਰੇਵ, ਲਿਟਲ ਗਰੇਵ, ਰੂੜੀ ਸ਼ੈਲ, ਡੈਕ ਅਤੇ ਰੈਡ ਕਰਿਸਟਡ ਕੋਚਰ ਆਦਿ ਪ੍ਰਮੁੱਖ ਹਨ |
ਹਰੀਕੇ ਵਣ ਵਿਭਾਗ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਦਸਿਆ ਕਿ ਇਸ ਵਾਰ ਹੁਣ ਤਕ ਕਰੀਬ ਇਕ ਲੱਖ ਦੇ ਕਰੀਬ ਪ੍ਰਵਾਸੀ ਪੰਛੀ ਇਥੇ ਪਹੁੰਚ ਚੁੱਕੇ ਹਨ | ਉਨ੍ਹਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਪ੍ਰਵਾਸੀ ਪੰਛੀਆਂ 'ਤੇ ਨਜ਼ਰ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਇਥੇ ਹੁਣ ਤਕ ਬਰਡ ਫ਼ਲੂ ਬਿਮਾਰੀ ਦੇ ਕੋਈ ਲੱਛਣ ਨਜ਼ਰ ਨਹੀਂ ਆਏ ਪਰ ਫਿਰ ਵੀ ਉਨ੍ਹਾਂ ਨਜ਼ਰ ਬਣਾ ਕੇ ਰੱਖ ਰਹੇ ਹਨ |
ਫ਼ੋਟੋ : ਹਰੀਕੇ-ਪ੍ਰਵਾਸੀ ਪੰਛੀ