
ਪੂਰਬੀ ਪੈਰੀਫ਼ਿਰਲ ਐਕਸਪ੍ਰੈਸ ਵੇਅ ’ਤੇ ਧੁੰਦ ਦਾ ਕਹਿਰ
ਨੋਇਡਾ, 16 ਜਨਵਰੀ : ਦਿੱਲੀ ਐਨਸੀਆਰ ’ਚ ਸਨਿਚਰਵਾਰ ਸਵੇਰੇ ਤੋਂ ਹੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਰਿਹਾ। ਇਸ ਕਾਰਨ, ਗਾਜ਼ੀਆਬਾਦ ਵਿਚ ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ ਤੇ 25 ਵਾਹਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ। ਛੋਟੇ ਅਤੇ ਵੱਡੇ ਵਾਹਨ ਇਸ ਹਾਦਸੇ ਵਿਚ ਸ਼ਾਮਲ ਹਨ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ।
ਕੋਹਰੇ ਦੇ ਕਹਿਰ ਅਤੇ ਸੜਕਾਂ ’ਤੇ ਪਈ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ, ਜਿਸ ਕਾਰਨ ਇਕ ਪਾਸੇ ਸੜਕਾਂ ’ਤੇ ਗੱਡੀਆਂ ਦੀ ਰਫ਼ਤਾਰ ਹੌਲੀ ਹੈ, ਉੱਥੇ ਹੀ ਬਹੁਤ ਸਾਰੀਆਂ ਰੇਲ ਗੱਡੀਆਂ ਪ੍ਰਭਾਵਤ ਹਨ। ਜਾਣਕਾਰੀ ਅਨੁਸਾਰ ਦਿੱਲੀ ਆਉਣ ਵਾਲੀਆਂ 24 ਟਰੇਨਾਂ ਲੇਟ ਹਨ। ਇਸ ਤੋਂ ਇਲਾਵਾ ਧੁੰਦ ਨੇ ਉਡਾਣਾਂ ਨੂੰ ਵੀ ਪ੍ਰਭਾਵਤ ਕੀਤਾ ਹੈ। ਦਿੱਲੀ ਵਿਚ ਅੱਜ ਕਈ ਥਾਵਾਂ ’ਤੇ ਵਿਜ਼ੀਬਿਲਟੀ ਜ਼ੀਰੋ ਹੈ ਅਤੇ ਕੁੱਝ ਇਲਾਕਿਆਂ ਵਿਚ ਸਿਰਫ਼ 2 ਤੋਂ 3 ਮੀਟਰ ਹੈ। ਅਜਿਹੀ ਸਥਿਤੀ ਵਿਚ ਰਾਹਗੀਰਾਂ ਨੂੰ ਭਾਰੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਵਾਹਨਾਂ ਦੀਆਂ ਲਾਈਟਾਂ ਚੱਲਣ ਤੋਂ ਬਾਅਦ ਵੀ ਵਿਜ਼ੀਬਿਲਟੀ ਇੰਨੀ ਘੱਟ ਹੈ ਕਿ ਸਾਹਮਣੇ ਦੇਖਣਾ ਮੁਸ਼ਕਲ ਹੈ। (ਏਜੰਸੀ)