
ਜਥੇਦਾਰ ਅਜੀਤ ਸਿੰਘ ਠੁਕਰਾਲ ਸਾਥੀਆਂ ਸਮੇਤ ਕਾਂਗਰਸ ’ਚ ਹੋਏ ਸ਼ਾਮਲ
ਜਗਰਾਉਂ, 16 ਜਨਵਰੀ (ਪਰਮਜੀਤ ਸਿੰਘ ਗਰੇਵਾਲ): ਅੱਜ ਜਗਰਾਉਂ ਦੀ ਸਿਆਸਤ ’ਚ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋਂ 5 ਵਾਰ ਅਕਾਲੀ ਦਲ ਤੋਂ ਕੌਂਸਲਰ ਰਹੇ ਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵੀ ਰਹੇ ਅਜੀਤ ਸਿੰਘ ਠੁਕਰਾਲ ਸਾਥੀਆਂ ਸਮੇਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਅਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਤੇ ਕਾਂਗਰਸ ਪਾਰਟੀ ਦੇ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ’ਚ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ।
ਇਸ ਮੌਕੇ ਕੈਬਨਿਟ ਮੰਤਰੀ ਆਸ਼ੂ, ਕੈਪਟਨ ਸੰਧੂ, ਸਾਬਕਾ ਮੰਤਰੀ ਦਾਖਾ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗਾਲਿਬ ਨੇ ਕਿਹਾ ਕਿ 5 ਵਾਰ ਕੌਂਸਲਰ ਰਹੇ ਅਜੀਤ ਸਿੰਘ ਠੁਰਕਾਲ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਕੌਂਸਲਰ ਬਣਨਾ ਬੇਹੱਦ ਮੁਸ਼ਕਿਲ ਹੁੰਦਾ ਹੈ, ਕਿਉਂਕਿ ਕੌਂਸਲਰ ਹੀ ਹੁੰਦਾ ਜਿਸ ਦਾ ਹਰ ਇਕ ਘਰ ਨਾਲ ਰਾਬਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜੀਤ ਸਿੰਘ ਠੁਕਰਾਲ ਨੂੰ ਪਾਰਟੀ ’ਚ ਬਣਦਾ ਮਾਣ-ਸਤਿਕਾਰ ਜ਼ਰੂਰ ਮਿਲੇਗਾ।
ਇਸ ਮੌਕੇ ਅਕਾਲੀ ਦਲ ਛੱਡ ਕਾਂਗਰਸ ’ਚ ਸ਼ਾਮਲ ਹੋਏ ਅਜੀਤ ਸਿੰਘ ਠੁਕਰਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਇਆ ਹਾਂ। ਅਜੀਤ ਸਿੰਘ ਠੁਕਰਾਲ ਨਾਲ ਹਰਮੀਤ ਸਿੰਘ ਬਜਾਜ, ਜਗਤਾਰ ਸਿੰਘ ਚਾਵਲਾ, ਸੁਖਵਿੰਦਰ ਸਿੰਘ ਭਸੀਣ ਤੇ ਹਰਜੀਤ ਸਿੰਘ ਸੋਨੂੰ ਤੋਂ ਇਲਾਵਾ ਸਕੂਟਰ ਬਾਜ਼ਾਰ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਸ਼ਾਮਲ ਹੋਏ ਹਨ।
ਇਸ ਮੌਕੇ ਵੱਡੀ ਗਿਣਤੀ ’ਚ ਵਾਰਡ ਵਾਸੀ ਹਾਜ਼ਰ ਸਨ।
ਫੋਟੋ ਫਾਈਲ : ਜਗਰਾਉਂ ਗਰੇਵਾਲ-3
ਕੈਪਸ਼ਨ : ਅਕਾਲੀ ਦਲ ਛੱਡ ਕਾਂਗਰਸ ’ਚ ਸ਼ਾਮਲ ਹੋਏ ਅਜੀਤ ਸਿੰਘ ਠੁਕਰਾਲ ਦਾ ਸਨਮਾਨ ਕਰਦੇ ਭਾਰਤ ਭੂਸ਼ਣ ਆਸ਼ੂ, ਕੈਪਟਨ ਸੰਦੀਪ ਸੰਧੂ, ਮਲਕੀਤ ਸਿੰਘ ਦਾਖਾ ਤੇ ਸੋਨੀ ਗਾਲਿਬ।