
ਮੁੱਖ ਮੰਤਰੀ ਨੇ 7219 ਵਾਜ਼ਬ ਦਰਾਂ ਦੀਆਂ ਦੁਕਾਨਾਂ ਦੀ ਅਲਾਟਮੈਂਟ ਦੀ ਕੀਤੀ ਸ਼ੁਰੂਆਤ
ਐਸ.ਏ.ਐਸ. ਨਗਰ, 16 ਜਨਵਰੀ (ਭੁੱਲਰ): ਲੋਕਾਂ ਲਈ ਰੋਜ਼ੀ ਰੋਟੀ ਦੇ ਸਾਧਨਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ' ਤਹਿਤ 7219 ਵਾਜਬ ਦਰਾਂ ਦੀਆਂ ਦੁਕਾਨਾਂ (ਐਫ਼.ਪੀ.ਐਸ.) ਦੀ ਅਲਾਟਮੈਂਟ ਲਈ ਸੂਬਾ ਪਧਰੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਮੁੱਖ ਮੰਤਰੀ ਵਲੋਂ ਸੰਕੇਤਕ ਤੌਰ 'ਤੇ ਰੂਪਨਗਰ ਦੇ ਪੰਜ ਲਾਭਪਾਤਰੀਆਂ ਜਤਿੰਦਰ ਪਾਲ ਸਿੰਘ, ਪੂਨਮ, ਜਸਵਿੰਦਰ ਸਿੰਘ, ਵਿਵੇਕ ਸ਼ਰਮਾ ਅਤੇ ਸੁਖਦੇਵ ਸਿੰਘ ਨੂੰ ਅਲਾਟਮੈਂਟ ਪੱਤਰ ਸੌਾਪੇ ਗਏ |
ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਨਾਲੋ-ਨਾਲ ਹੋਏ ਸਮਾਗਮਾਂ ਦੌਰਾਨ ਵੱਖ-ਵੱਖ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ ਪਹਿਲੇ ਪੜਾਅ ਤਹਿਤ 64 ਮਿਉਾਸਪਲ ਕਮੇਟੀਆਂ ਵਿਚ ਲਾਭਪਾਤਰੀਆਂ ਨੂੰ ਇਕੋ ਸਮੇਂ 370 ਅਲਾਟਮੈਂਟ ਪੱਤਰ ਸੌਾਪੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਗ਼ਰੀਬ ਪੱਖੀ ਪਹਿਲ ਲੋਕਾਂ ਦੀ ਆਰਥਕ ਸਥਿਤੀ ਵਿਚ ਸੁਧਾਰ ਲਿਆਉਣ ਦੇ ਨਾਲ-ਨਾਲ ਤੈਅ ਸਮੇਂ ਅੰਦਰ ਨਿਰਨਿਘਨ ਤਰੀਕੇ ਨਾਲ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਦੇਣ ਵਿਚ ਅਹਿਮ ਭੂਮਿਕਾ ਨਿਭਾਏਗੀ | ਉਨ੍ਹਾਂ ਅਲਾਟੀਆਂ ਨੂੰ ਕਿਹਾ ਕਿ ਗ਼ਰੀਬਾਂ ਲਈ ਆਏ ਰਾਸ਼ਨ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਹੋਰ ਪਾਸੇ ਵਰਤਣ ਦੀ ਬਜਾਏ ਅਸਲ ਲਾਭਪਾਤਰੀਆਂ ਲਈ ਰਾਸ਼ਨ ਦੇ ਵੰਡ ਨੂੰ ਯਕੀਨੀ ਬਣਾਉਣ | ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਨਾਲ ਸੂਬੇ ਵਿਚ ਲਗਭਗ 30,000 ਲਾਭਪਾਤਰੀਆਂ (ਔਸਤਨ ਚਾਰ ਮੈਂਬਰਾਂ ਵਾਲੇ ਪ੍ਰਵਾਰ) ਨੂੰ ਲਾਭ ਮਿਲੇਗਾ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਈ-ਪੀ.ਓ.ਐਸ. ਮਸ਼ੀਨਾਂ ਤੋਂ ਇਲਾਵਾ ਸਮਾਰਟ ਰਾਸ਼ਨ ਕਾਰਡ ਸੂਬਾ ਸਰਕਾਰ ਦੁਆਰਾ ਕੀਤੀਆਂ ਗਈਆਂ ਅਹਿਮ ਪਹਿਲਕਦਮੀਆਂ ਵਿਚੋਂ ਇਕ ਹਨ | ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨੂੰ ਵੀ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਦਾ ਲਾਭ ਦਿਤਾ ਜਾਣਾ ਚਾਹੀਦਾ ਹੈ | ਲੁਧਿਆਣਾ ਤੋਂ ਵਰਚੁਅਲ ਤੌਰ 'ਤੇ ਸੰਬੋਧਨ ਕਰਦਿਆਂ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ 1 ਅਪਰੈਲ, 2016 ਤੋਂ ਵਾਜਬ ਦਰਾਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਅਨਾਜ ਦੀ ਵੰਡ ਲਈ ਦਿਤੀ ਜਾਂਦੀ ਮਾਮੂਲੀ ਰਕਮ 25 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕੁਇੰਟਲ ਕਰਨ ਲਈ ਮੁੱਖ ਮੰਤਰੀ ਦਾ ਧਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਰਾਸ਼ਨ ਡਿਪੂ ਮਾਲਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਕੇ.ਏ.ਪੀ. ਸਿਨਹਾ, ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਵੀ ਭਗਤ ਅਤੇ ਵਧੀਕ ਸਕੱਤਰ ਖੁਰਾimageਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਜਸਪ੍ਰੀਤ ਸਿੰਘ ਮੌਜੂਦ ਸਨ |