
ਕਿਸਾਨ ਅੰਦੋਲਨ ਨੂੰ ਅਸਫ਼ਲ ਕਰਨ ਲਈ ਸਰਕਾਰ ਐਨ.ਆਈ.ਏ ਦਾ ਸਹਾਰਾ ਲੈਣ ਲੱਗੀ
ਪੰਜਾਬੀਆਂ 'ਤੇ ਖ਼ਾਲਿਸਤਾਨੀਆਂ ਦਾ ਠੱਪਾ ਲਾਉਣ ਲਈ ਭੇਜੇ ਜਾਣ ਲੱਗੇ ਨੋਟਿਸ
ਚੰਡੀਗੜ੍ਹ, 16 ਜਨਵਰੀ (ਸੱਤੀ): ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ 50 ਦਿਨਾਂ ਤੋਂ ਕਿਸਾਨ ਅੰਦੋਲਨ ਸਫ਼ਲਤਾਪੂਰਵਕ ਚੱਲ ਰਿਹਾ ਹੈ | ਭਾਵੇਂ ਰੋਜ਼ਾਨਾ ਦੋ-ਤਿੰਨ ਕਿਸਾਨਾਂ ਦੀ ਮੌਤ ਹੋ ਰਹੀ ਹੈ ਪਰ ਫਿਰ ਵੀ ਕਿਸਾਨੀ ਅੰਦੋਲਨ 'ਚ ਸ਼ਾਮਲ ਲੋਕ ਚੜ੍ਹਦੀ ਕਲਾ ਵਿਚ ਹਨ | ਸ਼ੁਰੂ-ਸ਼ੁਰੂ ਵਿਚ ਕੇਂਦਰ ਨੇ ਕਿਸਾਨਾਂ ਨੂੰ ਝੁਕਾਉਣ ਲਈ ਉਨ੍ਹਾਂ 'ਤੇ ਮਾਉਵਾਦ, ਵੱਖਵਾਦ, ਖ਼ਾਲਿਸਤਾਨ ਤੇ ਨਕਸਲਵਾਦ ਵਰਗੇ ਠੱਪੇ ਲਾਉਣ ਦੀ ਕੋਸ਼ਿਸ਼ ਕੀਤੀ ਤਾਕਿ ਕਿਸਾਨ ਸਰਕਾਰ ਦੀ ਬਿਆਨਬਾਜ਼ੀ ਤੋਂ ਭੜਕ ਜਾਣ ਤੇ ਅੰਦੋਲਨ ਨੂੰ ਉਗਰ ਕਰ ਲੈਣ ਪਰ ਕਿਸਾਨ ਆਗੂਆਂ ਨੇ ਸੱਭ ਨੂੰ ਸਬਰ ਤੋਂ ਕੰਮ ਲੈਣ ਦੀ ਅਪੀਲ ਕੀਤੀ |
ਇਸ ਤਰ੍ਹਾਂ ਅੰਦੋਲਨ ਦਿਨੋਂ ਦਿਨ ਸਿਖਰ ਨੂੰ ਛੂਹ ਰਿਹਾ ਹੈ | 10ਵੇਂ ਦੌਰ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਭਖਾਉਣ ਦੀ ਗੱਲ ਆਖੀ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਫ਼ੈਸਲਾ ਸੁਣਾ ਦਿਤਾ | ਕਿਸਾਨਾਂ ਦੇ ਇਸ ਫ਼ੈਸਲੇ ਤੋਂ ਬੌਖਲਾਈ ਸਰਕਾਰ ਨੇ ਐਨ.ਆਈ.ਏ ਦਾ ਸਹਾਰਾ ਲਿਆ ਤੇ ਅੰਦੋਲਨ ਨੂੰ ਲੀਡ ਕਰ ਰਹੇ ਪੰਜਾਬੀਆਂ 'ਤੇ ਖ਼ਾਲਿਸਤਾਨੀ ਹੋਣ ਦਾ ਠੱਪਾ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ |
ਇਸ ਤੋਂ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ 17 ਜਨਵਰੀ ਨੂੰ ਦਿੱਲੀ ਵਿਚ ਅਪਣੇ ਮੁੱਖ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ | ਇਸ ਨੋਟਿਸ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਕਿਸਾਨਾਂ ਦੇ ਸਮਰਥਨ ਕਾਰਨ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ |
ਦਬਾਅ ਬਣਾਉਣ ਲਈ ਸਰਕਾਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ | ਇਸ ਨਾਲ ਹੀ ਸਿਰਸਾ ਨੇ ਇਸ ਸੰਮਨ 'ਤੇ ਪ੍ਰਤੀਕਿ੍ਆ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰ ਰਹੀ ਹੈ¢ ਭਾਵੇਂ ਸਿਰਸਾ ਨੂੰ ਭੇਜੇ ਨੋਟਿਸ ਦੀ ਚਹੁੰ ਤਰਫ਼ੋਂ ਨਿੰਦਾ ਹੋ ਰਹੀ ਹੈ ਪਰ ਐਨ.ਆਈ.ਏ ਨੇ ਗਾਇਕ ਤੇ ਅਦਾਕਾਰ ਦੀਪ ਸਿੱਧੂ ਨੂੰ ਵੀ ਨੋਟਿਸ ਭੇਜ ਦਿਤਾ |
ਇਸ ਤੋਂ ਇਲਾਵਾ ਜਾਂਚ ਏਜੰਸੀ ਨੇ ਪੰਜਾਬ ਦੇ ਹੋਰ 12 ਵਿਅਕਤੀਆਂ ਨੂੰ ਵੀ ਨੋਟਿਸ ਭੇਜੇ ਹਨ | ਇਨ੍ਹਾਂ ਵਿਚੋਂ ਕੁੱਝ ਨੂੰ ਗਵਾਹ ਬਣਾ ਕੇ ਨੋਟਿਸ ਕੀਤੇ ਗਏ ਹਨ | ਸੂਚਨਾ ਅਨੁਸਾਰ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਪਰਮਜੀਤ ਸਿੰਘ ਅਕਾਲੀ ਨੂੰ ਐਨ. ਆਈ. ਏ. ਵਲੋਂ ਇਕ ਮਾਮਲੇ 'ਚ ਨੋਟਿਸ ਭੇਜ ਕੇ 21 ਜਨਵਰੀ ਨੂੰ ਐਨ. ਆਈ. ਏ. ਦਫ਼ਤਰ ਦਿੱਲੀ ਵਿਖੇ ਗਵਾਹੀ ਲਈ ਸੱਦਿਆ ਗਿਆ ਹੈ | ਉਕਤ ਤੋਂ ਇਲਾਵਾ ਪੱਤਰਕਾਰ ਬਲਤੇਜ ਪੰਨੂੰ, ਪੱਤਰਕਾਰ ਜਸਵੀਰ ਸਿੰਘ, ਮਨਦੀਪ ਸਿੰਘ ਸਿੱਧੂ, ਨੋਬਲਜੀਤ ਸਿੰਘ, ਜੰਗ ਸਿੰਘ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ ਠੀਕਰੀਵਾਲਾ, ਪਲਵਿੰਦਰ ਸਿੰਘ, ਇੰਦਰਪਾਲ ਸਿੰਘ ਜੱਜ, ਕਰਨੈਲ ਸਿੰਘ ਦਸੂਹਾ ਨੂੰ ਵੀ ਐਨ.ਆਈ.ਏ ਨੇ ਨੋਟਿਸ ਭੇਜੇ ਹਨ |
ਨੋਟਿਸਾਂ ਦੀ ਪ੍ਰਵਾਹ ਨਾ ਕਰੋ, ਕਿਸੇ ਅੱਗੇ ਪੇਸ਼ ਹੋਣ ਦੀ ਲੋੜ ਨਹੀਂ : ਰਾਜੇਵਾਲ
32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਅਦ ਐਲਾਨ, 19 ਦੀ ਕੇਂਦਰ ਨਾਲ ਮੀਟਿੰਗ ਵਿਚ ਸੱਭ ਤੋਂ ਪਹਿਲਾਂ ਇਹੀ ਮੁੱਦਾ ਉਠਾਇਆ ਜਾਵੇਗਾ
ਕਿਹਾ, ਸਰਕਾਰ ਏਕਾ ਤੋੜਨ ਵਿਚ ਨਾਕਾਮ ਰਹਿਣ ਬਾਅਦ ਘਟੀਆ ਹਰਕਤਾਂ 'ਤੇ ਉਤਰੀ, 26 ਦੇ ਟਰੈਕਟਰ ਮਾਰਚ ਦੇ ਰੂਟ ਪਲਾਨ ਦਾ ਫ਼ੈਸਲਾ ਸੰਯੁਕਤ ਮੋਰਚੇ ਦੀ ਮੀਟਿੰਗ ਵਿਚ ਅੱਜ
ਚੰਡੀਗੜ੍ਹ, 16 ਜਨਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ ਸੰਘਰਸ਼ਸ਼ੀਲ 32 ਜਥੇਬੰਦੀਆਂ ਦੀ ਹੋਈ ਅੱਜ ਦੀ ਮੀਟਿੰਗ ਵਿਚ ਕਿਸਾਨ ਮੋਰਚੇ ਦੇ ਸਮਰਥਕਾਂ ਨੂੰ ਐਨ.ਆਈ.ਏ. ਦੇ ਨੋਟਿਸਾਂ ਨੂੰ ਗੰਭੀਰਤਾ ਨਾਲ ਲਿਆ ਗਿਆ | ਮੀਟਿੰਗ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ | ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਜਿਹੇ ਨੋਟਿਸਾਂ ਤੋਂ ਕਿਸੇ ਨੂੰ ਡਰਨ ਜਾਂ ਏਜੰਸੀ ਅੱਗੇ ਪੇਸ਼ ਹੋਣ ਦੀ ਲੋੜ ਨਹੀਂ | ਇਸ ਬਾਰੇ ਜਥੇਬੰਦੀਆਂ ਆਪੇ ਦੇਖਣਗੀਆਂ ਅੱਗੇ ਕੀ ਕਰਨਾ ਹੈ |
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੋਰਚੇ ਦੀ ਮਜ਼ਬੂਤੀ ਤੋਂ ਇੰਨਾ ਘਬਰਾ ਗਈ ਹੈ ਕਿ ਘਟੀਆ ਹਰਕਤਾਂ 'ਤੇ ਉਤਰ ਆਈ ਹੈ | ਉਨ੍ਹਾਂ ਕਿਹਾ ਕਿ ਉਹ ਸਾਡਾ ਏਕਾ ਤੋੜ ਨਹੀਂ ਸਕੀ ਤੇ ਹੁਣ ਮੋਰਚੇ ਲਈ ਮਦਦ ਕਰਨ ਵਾਲੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਐਨ.ਆਈ.ਏ. ਦੀ ਵਰਤੋਂ ਕਰ ਰਹੀ ਹੈ | ਇਹ ਭਾਜਪਾ ਦੀ ਬੌਖਲਾਹਟ ਤੇ ਘਬਰਾਹਟ ਦੀ imageਹੀ ਨਿਸ਼ਾਨੀ ਹੈ | ਉਨ੍ਹਾਂ ਕਿਹਾ ਕਿ ਮੋਰਚੇ ਲਈ ਲੰਗਰ ਲਾਉਣ ਵਾਲਿਆਂ ਤੇ ਟਰਾਂਸਪੋਰਟ ਮੁਹਈਆ ਕਰਵਾਉਣ ਵਾਲੇ ਲੋਕਾਂ ਨੂੰ ਨੋਟਿਸ ਕੱਢਣਾ ਬਹੁਤ ਸ਼ਰਮਨਾਕ ਹੈ ਅਤੇ ਇਸ ਤਰ੍ਹਾਂ ਦੇ ਹੱਥਕੰਡਿਆਂ ਨਾਲ ਅੰਦੋਲਨ ਦਬਾਇਆ ਨਹੀਂ ਜਾ ਸਕਦਾ | ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਇਹ ਨੋਟਿਸ ਤੁਰਤ ਵਾਪਸ ਲੈਣ ਦੀ ਮੰਗ ਕੀਤੀ ਅਤੇ ਐਲਾਲ ਕੀਤਾ ਕਿ 19 ਜਨਵਰੀ ਦੀ ਮੀਟਿੰਗ ਵਿਚ ਸੱਭ ਤੋਂ ਪਹਿਲਾਂ ਇਹੀ ਮੁੱਦਾ ਚੁਕਿਆ ਜਾਵੇਗਾ ਤੇ ਫਿਰ ਕੋਈ ਹੋਰ ਗੱਲ ਕਰਾਂਗੇ | ਰਾਜੇਵਾਲ ਨੇ ਦਸਿਆ ਕਿ 26ਜਨਵਰੀ ਦੇ ਟਰੈਕਟਰ ਮਾਰਚ ਦੇ ਰੂਟ ਪਲਾਨ ਬਾਰੇ 17 ਜਨਵਰੀ ਨੂੰ ਸੰਯੁਕਤ ਮੋਰਚੇ ਦੀ ਬੈਠਕ ਵਿਚ ਸੱਭ ਦੀ ਸਹਿਮਤੀ ਨਾਲ ਫ਼ੈਸਲਾ ਕਰ ਕੇ ਐਲਾਨ ਕੀਤਾ ਜਾਵੇਗਾ |