
“ਜੇ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਹੁੰਦੀ ਤਾਂ ਕਿਸੇ ਦੀ ਦਰਬਾਰ ਸਾਹਿਬ ਦਾ ਜੰਗਲਾ ਟੱਪਣ ਦੀ ਹਿੰਮਤ ਨਹੀਂ ਸੀ ਪੈਣੀ”
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਰੰਗਲੇ ਅਤੇ ਸੁਨਹਿਰੇ ਪੰਜਾਬ ਲਈ 10 ਸੂਤਰੀ ਪੰਜਾਬ ਮਾਡਲ ਪੇਸ਼ ਕੀਤਾ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਹਰ ਕਿਸੇ ਦੇ ਮਨ ਵਿਚ ਸਵਾਲ ਹੈ। ਇਹਨਾਂ ਸਵਾਲਾਂ ਦਾ ਜਵਾਬ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਹਨਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼:
ਸਵਾਲ: ‘ਆਪ’ਵਲੋਂ ਪੰਜਾਬ ਲਈ 10 ਸੂਤਰੀ ਪੰਜਾਬ ਮਾਡਲ ਪੇਸ਼ ਕੀਤਾ ਗਿਆ ਹੈ ਪਰ ਜੋ ਅਸੀਂ ਸਹੂਲਤਾਂ ਦੇਣ ਦੇਣ ਦੀ ਤਿਆਰੀ ਕਰ ਰਹੇ ਹਾਂ ਉਹਨਾਂ ਲਈ ਯੋਜਨਾ ਕੀ ਹੈ? ਪੈਸੇ ਕਿੱਥੋਂ ਆਉਣਗੇ?
ਜਵਾਬ: ਸਾਡੇ ਕੋਲ ਇਸ ਦਾ ਨਮੂਨਾ ਹੈ ਕਿਉਂਕਿ ਅਸੀਂ ਦਿੱਲੀ ਵਿਚ ਤੀਜੀ ਵਾਰ ਸਰਕਾਰ ਚਲਾ ਰਹੇ ਹਾਂ। ਜਦੋਂ ਸ਼ੀਲਾ ਦਿਕਸ਼ਿਤ ਜੀ 15 ਸਾਲ ਬਾਅਦ ਦਿੱਲੀ ਛੱਡ ਕੇ ਗਏ ਸੀ ਤਾਂ ਦਿੱਲੀ ਦਾ ਵੀ ਪੰਜਾਬ ਵਾਲਾ ਹਾਲ ਸੀ। ਅਸੀਂ ਦਿੱਲੀ ਦੇ ਸਕੂਲਾਂ ਦਾ ਸੁਧਾਰ ਕੀਤਾ, ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਬਰਾਬਰ ਲਿਆ ਕੇ ਖੜ੍ਹਾ ਕੀਤਾ। ਮਾਪਿਆਂ ਨੇ ਅਪਣੇ ਬੱਚਿਆਂ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਇਆ। 20 ਹਜ਼ਾਰ ਲੀਟਰ ਪਾਣੀ ਮੁਫਤ ਦਿੱਤਾ, 73% ਦਿੱਲੀ ਨੂੰ ਬਿਜਲੀ ਮੁਫ਼ਤ ਦਿੱਤੀ। ਮੁਹੱਲਾ ਕਲੀਨਿਕ ਖੋਲ੍ਹੇ, ਜਿਨ੍ਹਾਂ ਦੀ ਪੂਰੀ ਦੁਨੀਆਂ ਵਿਚ ਚਰਚਾ ਹੋਈ।
ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਤਨੀ ਮੇਲਾਨੀਆ ਟਰੰਪ ਦਿੱਲੀ ਦੇ ਸਕੂਲ ਦੇਖਣ ਆਏ ਤਾਂ ਭਾਜਪਾ ਨੇ ਐਮਸੀਡੀ ਵਾਲੇ ਸਕੂਲ ਨਹੀਂ ਦਿਖਾਏ, ਉਹਨਾਂ ਨੂੰ ਕੇਜਰੀਵਾਲ ਦੇ ਸਕੂਲ ਦੀ ਹੀ ਚਾਬੀ ਲੈਣੀ ਪਈ। ਇੰਨੀਆਂ ਸਹੂਲਤਾਂ ਦੇ ਬਾਵਜੂਦ ਦਿੱਲੀ ਸਿਰ ਕਰਜ਼ਾ ਨਹੀਂ ਚੜ੍ਹਿਆ ਅਤੇ ਦਿੱਲੀ ਦਾ ਬਜਟ ਦੁੱਗਣੇ ਤੋਂ ਜ਼ਿਆਦਾ ਕਰ ਦਿੱਤਾ ਗਿਆ। ਇਸ ਸਭ ਭ੍ਰਿਸ਼ਟਾਚਾਰ ਖਤਮ ਹੋਣ ਕਾਰਨ ਹੀ ਸੰਭਵ ਹੋਇਆ ਹੈ। ਮੈਂ ਇਸ ਨੂੰ ਮੁਫ਼ਤਖੋਰੀ ਨਹੀਂ ਮੰਨਦਾ। ਜੇਕਰ ਤੁਸੀਂ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਬਚਾ ਕੇ ਉਹਨਾਂ ਨੂੰ ਵਾਪਸ ਸਹੂਲਤਾਂ ਦੇ ਰੂਪ ਵਿਚ ਵਾਪਸ ਦਿੰਦੇ ਹੋ ਤਾਂ ਲੋਕਾਂ ਵਿਚ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਇਹ ਸਰਕਾਰ ਸਾਡੀ ਹੈ ਅਤੇ ਅਸੀਂ ਟੈਕਸ ਭਰੀਏ।
ਦਿੱਲੀ ਵਿਚ 7.5% ਵੈਟ ਘਟਾਉਣ ਨਾਲ 4 ਹਜ਼ਾਰ ਕਰੋੜ ਦਾ ਮਾਲੀਆ ਵਧਿਆ ਹੈ। ਅਰਵਿੰਦ ਕੇਜਰੀਵਾਲ ਇਨਕਮ ਟੈਕਸ ਦੇ ਕਮਿਸ਼ਨਰ ਹਨ, ਉਹਨਾਂ ਨੂੰ ਪਤਾ ਹੈ ਕਿ ਪੈਸਾ ਕਿੱਥੋਂ ਆਉਣਾ ਹੈ ਅਤੇ ਕਿੱਥੇ ਲਗਾਉਣਾ ਹੈ। ਅਸੀਂ ਪੰਜਾਬ ਦਾ ਖਜ਼ਾਨਾ ਵੀ ਭਰਾਂਗੇ ਅਤੇ ਸਹੂਲਤਾਂ ਦੀ ਦੇਵਾਂਗੇ। ਪੰਜਾਬ ਦਾ ਖਜ਼ਾਨਾ ਮਾਫੀਆ ਵੱਲ ਜਾ ਰਿਹਾ ਹੈ, ਜੇਕਰ ਇਸ ਨੂੰ ਖਤਮ ਕੀਤਾ ਜਾਵੇ ਤਾਂ ਖਜ਼ਾਨਾ ਜ਼ਰੂਰ ਭਰੇਗਾ, ਇਸ ਵਿਚੋਂ ਅਸੀਂ ਔਰਤਾਂ ਨੂੰ 1000-1000 ਰੁਪਏ ਵੀ ਦੇ ਸਕਦੇ ਹਾਂ।
ਸਵਾਲ: ਇਹ 1000 ਰੁਪਏ ਦਿੱਲੀ ਵਿਚ ਔਰਤਾਂ ਨੂੰ ਨਹੀਂ ਦਿੱਤੇ ਗਏ। ਇਹ ਤਾਂ ਵੋਟਾਂ ਖਰੀਦਣ ਦਾ ਕੰਮ ਹੋ ਗਿਆ?
ਜਵਾਬ: ਅਜਿਹਾ ਬਿਲਕੁਲ ਨਹੀਂ ਹੈ। ਦਿੱਲੀ ਵਿਚ ਔਰਤਾਂ ਲਈ ਬਹੁਤ ਕੁਝ ਕੀਤਾ ਗਿਆ ਹੈ, ਜਿਵੇਂ ਔਰਤਾਂ ਲਈ ਸਫ਼ਰ ਮੁਫਤ ਹੈ ਜਦਕਿ ਪੰਜਾਬ ਵਿਚ ਸਿਰਫ ਆਮ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫਰ ਦੀ ਸਹੂਲਤ ਹੈ, ਏਸੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫਰ ਨਹੀਂ ਹੈ।
ਸਵਾਲ: ਨਵਜੋਤ ਸਿੱਧੂ ਨੇ ਵੀ ਸਵਾਲ ਕੀਤਾ ਸੀ ਕਿ ਤੁਸੀਂ 1000 ਰੁਪਏ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ ਹੀ ਕਿਉਂ ਦੇ ਰਹੇ ਹੋ? ਸਕੂਲ ਜਾਣ ਵਾਲੀਆਂ ਬੱਚੀਆਂ ਨੂੰ ਹਜ਼ਾਰ ਰੁਪਏ ਕਿਉਂ ਨਹੀਂ?
ਜਵਾਬ: ਜੇਕਰ ਅਸੀਂ ਕਿਸੇ ਮਾਂ ਜਾਂ ਭੈਣ ਨੂੰ ਹਜ਼ਾਰ ਰੁਪਏ ਦੇ ਰਹੇ ਹਾਂ ਤਾਂ ਉਹ ਉਸ ਨੂੰ ਅਪਣੇ ਬੱਚਿਆਂ ਜਾਂ ਛੋਟੀਆਂ ਭੈਣਾਂ ਲਈ ਵੀ ਵਰਤ ਸਕਦੀਆਂ ਹਨ। ਨਵਜੋਤ ਸਿੱਧੂ ਪਹਿਲਾਂ ਤਾਂ ਕਹਿ ਰਹੇ ਸੀ ਕਿ ਮੇਰੇ ਨਾਲ ਬਹਿਸ ਕਰੋ, ਇਹ ਸਾਡੀਆਂ ਭੈਣਾਂ ਅਤੇ ਮਾਵਾਂ ਨੂੰ ਭਿਖਾਰਨਾਂ ਬਣਾ ਰਹੇ ਨੇ ਪਰ ਉਸ ਤੋਂ ਤਿੰਨ ਦਿਨ ਬਾਅਦ ਉਹਨਾਂ ਨੂੰ ਕਿਹੜੀ ਪੈਸੇ ਛਾਪਣ ਵਾਲੀ ਮਸ਼ੀਨ ਦਿਖ ਗਈ ਕਿ ਉਹ ਕਹਿੰਦੇ ਨੇ ਕਿ ਅਸੀਂ ਔਰਤਾਂ ਨੂੰ 2-2 ਹਜ਼ਾਰ ਰੁਪਏ, 8 ਸਿਲੰਡਰ, ਵਿਦਿਆਰਥਣਾਂ ਨੂੰ ਪੈਸੇ, ਸਕੂਟੀ ਅਤੇ ਲੈਪਟਾਪ ਦੇਵਾਂਗੇ। ਮੈਂ ਇਹਨਾਂ ਤੋਂ ਹੈਰਾਨ ਹਾਂ, ਜੋ ਅਸੀਂ ਕਹਿੰਦੇ ਜਾਂ ਕਰਦੇ ਹਾਂ ਇਹ ਉਸ ਦੀ ਹੀ ਨਕਲ ਕਰ ਰਹੇ ਨੇ।
ਸਵਾਲ: ਤੁਸੀਂ ਕਹਿ ਰਹੇ ਹੋ ਕਿ ਰੇਤਾ ਕਾਰਪੋਰੇਸ਼ਨ ਹੋਣੀ ਚਾਹੀਦੀ ਹੈ ਜਾਂ ਕੋਈ ਹੋਰ ਕਾਰਪੋਰੇਸ਼ਨ ਹੋਣੀ ਚਾਹੀਦੀ ਹੈ, ਇਹ ਗੱਲਾਂ ਉਹ ਵੀ ਕਰ ਰਹੇ ਨੇ। ਤੁਸੀਂ ਆਪਸ ਵਿਚ ਤਾਲਮੇਲ ਕਿਉਂ ਨਹੀਂ ਬਣਾ ਸਕੇ?
ਜਵਾਬ: ਪਹਿਲੀ ਗੱਲ ਤਾਂ ਨਵਜੋਤ ਸਿੱਧੂ ਉਸ ਮਾਡਲ ਨੂੰ ਕਦੀ ‘ਸਿੱਧੂ ਮਾਡਲ’ ਕਹਿ ਦਿੰਦੇ ਨੇ, ਕਦੀ ‘ਕਾਂਗਰਸ ਮਾਡਲ’ ਕਹਿੰਦੇ ਨੇ ਅਤੇ ਕਦੀ ‘ਪੰਜਾਬ ਮਾਡਲ’ ਕਹਿੰਦੇ ਹਨ। ਉਹਨਾਂ ਦੀ ਅਪਣੀ ਪਾਰਟੀ ਵਿਚ ਹੀ ਸਹਿਮਤੀ ਨਹੀਂ ਹੈ। ਇਹ ਸਰਕਾਰ ਨਹੀਂ ਚਲਾ ਰਹੇ ਸਗੋਂ ਇਹ ਸਰਕਸ ਚੱਲ ਰਹੀ ਹੈ। ਘੱਟੋ ਘੱਟ ਮਜ਼ਬੂਤ ਸਰਕਾਰ ਹੋਣੀ ਚਾਹੀਦੀ ਹੈ। ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵਿਚ ਫੈਕਟਰੀ ਵਾਲਿਆਂ ਕੋਲੋਂ ਲਾਭ ਦਾ ਹਿੱਸਾ ਮੰਗਿਆ ਜਾਂਦਾ ਹੈ। ਸਰਕਾਰਾਂ ਇਸ ਕੰਮ ਲਈ ਨਹੀਂ ਹੁੰਦੀਆਂ। ਕਾਰੋਬਾਰੀ ਡਰਦੇ ਹਨ ਕਿ ਜੇਕਰ ਸਾਡਾ ਕੰਮ ਵਧੀਆ ਚੱਲਿਆ ਤਾਂ ਸਾਨੂੰ ਸਰਕਾਰ ਨੂੰ ਜ਼ਿਆਦਾ ਹਿੱਸਾ ਦੇਣਾ ਪਵੇਗਾ।
ਸਵਾਲ: ਤੁਹਾਡੇ ਅਤੇ ਭਾਜਪਾ ਦੇ ਰਿਸ਼ਤੇ ਬਹੁਤ ਕਮਜ਼ੋਰ ਹਨ। ਜੇ ਤੁਹਾਡੀ ਸਰਕਾਰ ਬਣੀ ਤਾਂ ਸ਼ਾਇਦ ਤੁਹਾਨੂੰ ਮਮਤਾ ਬੈਨਰਜੀ ਨਾਲੋਂ ਵਧੇਰੇ ਮਜ਼ਬੂਤ ਹੋਣਾ ਪਵੇਗਾ। ਇਹ ਸਭ ਕਿਸ ਤਰਾਂ ਕਰੋਗੇ?
ਜਵਾਬ: ਪੰਜਾਬ ਇਕ ਸੰਪੂਰਨ ਰਾਜ ਹੈ, ਕਈ ਕੰਮ ਅਜਿਹੇ ਹਨ ਜਿਨ੍ਹਾਂ ਵਿਚ ਸੰਪੂਰਨ ਰਾਜ ਨੂੰ ਕੇਂਦਰ ਦੀ ਮਨਜ਼ੂਰੀ ਦੀ ਲੋੜ ਨਹੀਂ ਪੈਂਦੀ। ਜੇਕਰ ਪੰਜਾਬ ਦੇ ਹਿੱਤਾਂ ਲਈ ਸਾਨੂੰ ਕਿਸੇ ਕੰਮ ਲਈ ਕੇਂਦਰ ਦੀ ਪ੍ਰਵਾਨਗੀ ਲੈਣੀ ਵੀ ਪਈ ਤਾਂ ਸਾਡਾ ਉਹਨਾਂ ਨਾਲ ਕੋਈ ਵੱਟ ਦਾ ਰੌਲਾ ਤਾਂ ਨਹੀਂ ਹੈ ਬਸ ਵਿਚਾਰਕ ਮਤਭੇਦ ਹਨ। ਪੰਜਾਬ ਲਈ ਸਾਨੂੰ ਕਿਸੇ ਦੀਆਂ ਮਿਨਤਾਂ ਵੀ ਕਰਨੀਆਂ ਪਈਆਂ ਤਾਂ ਕਰਾਂਗੇ, ਕਿਸੇ ਦੇ ਪੈਰ ਵੀ ਫੜਨੇ ਪਏ ਤਾਂ ਫੜ ਲਵਾਂਗੇ ਪਰ ਪੰਜਾਬ ਸਾਡੀ ਤਰਜੀਹ ਹੈ।
ਮੈਂ ਲੋਕ ਸਭਾ ਵਿਚ ਵਿਰੋਧੀ ਪਾਰਟੀ ਦਾ ਹੀ ਸੰਸਦ ਮੈਂਬਰ ਹਾਂ ਤੇ ਮੈਂ ਅਪਣੇ ਹਲਕੇ ਦੇ ਕਈ ਪ੍ਰਾਜੈਕਟਾਂ ਲਈ ਕੇਂਦਰ ਕੋਲ ਜਾਂਦਾ ਹਾਂ ਤਾਂ ਉਹ ਸਹਿਮਤੀ ਦੇ ਦਿੰਦੇ ਹਨ। ਇਹ ਜ਼ਰੂਰੀ ਨਹੀਂ ਕਿ ਜੇ ਅਸੀਂ ਵਿਰੋਧੀ ਧਿਰ ਹਾਂ ਤਾਂ ਅਸੀਂ ਉਹਨਾਂ ਨੂੰ ਗਾਲਾਂ ਹੀ ਕੱਢੀਏ। ਸਾਡੀ ਨਿੰਦਾ ਕਰਨ ਦੀ ਆਦਤ ਨਹੀਂ ਹੈ। ਅਸੀਂ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਾਂਗੇ। ਸਿਹਤ, ਸਿੱਖਿਆ ਅਤੇ ਖੇਤੀਬਾੜੀ ਸਟੇਟ ਸਬਜੈਕਟ ਹਨ, ਇਹੀ ਸਾਡੇ ਮੁੱਖ ਮੁੱਦੇ ਹਨ, ਇਹਨਾਂ ਨੂੰ ਅਸੀਂ ਇੱਥੇ ਰਹਿ ਕੇ ਸਹੀ ਕਰ ਸਕਦੇ ਹਾਂ।
ਸਵਾਲ: ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ’ਚ ਆਪਸ ਵਿਚ ਹੀ ਲੜਾਈਆਂ ਹੋ ਰਹੀਆਂ ਹਨ। ਤੁਸੀਂ ਖਰੜ ਵਿਚ ਪ੍ਰਚਾਰ ਕਰਨ ਗਏ ਪਰ ਪਿਛਲੇ ਪੰਜ ਸਾਲਾਂ ਦੌਰਾਨ ਉੱਥੇ ਤੁਹਾਡਾ ਅਪਣਾ ਵਿਧਾਇਕ ਹੀ ਸੀ। ਆਮ ਆਦਮੀ ਪਾਰਟੀ ਦੇ ਕਈ ਚਿਹਰੇ ਅਜਿਹੇ ਵੀ ਸਨ, ਜਿਨ੍ਹਾਂ ਨੂੰ ਦੇਸ਼ ਵਿਚ ਬਹੁਤ ਅਹਿਮ ਮੰਨਿਆ ਜਾਂਦਾ ਸੀ ਉਹ ਪਾਰਟੀ ਛੱਡ ਕੇ ਚਲੇ ਗਏ। ਤੁਸੀਂ ਅਪਣੇ ਪੁਰਾਣੇ ਆਗੂਆਂ ਵਿਚੋਂ ਕਿੰਨੇ ਕੁ ਦਾ ਰਿਪੋਰਟ ਕਾਰਡ ਦਿਖਾ ਕੇ ਕਹਿ ਸਕਦੇ ਹੋ ਕਿ ਅਸੀਂ ਵਧੀਆ ਕੰਮ ਕੀਤਾ ਹੈ?
ਜਵਾਬ: ਸਾਡੀ ਪਾਰਟੀ ਇਕ ਨਵੀਂ ਪਾਰਟੀ ਹੈ। ਕਈ ਲੋਕ ਕਤਾਰ ਛੋਟੀ ਦੇਖ ਕੇ ਆਉਂਦੇ ਹਨ ਤੇ ਕਈ ਕੁਝ ਇੱਛਾਵਾਂ ਜਾ ਮਕਸਦ ਲੈ ਕੇ ਆਉਂਦੇ ਹਨ, ਜਦੋਂ ਉਹ ਨਹੀਂ ਪੂਰੇ ਹੁੰਦਾ ਤਾਂ ਉਹ ਇੱਧਰ-ਉੱਧਰ ਚਲੇ ਜਾਂਦੇ ਹਨ। ਕਈ ਵਾਰ ਮੈਨੂੰ ਪੱਤਰਕਾਰ ਵੀ ਸਵਾਲ ਕਰਦੇ ਨੇ ਕਿ ਇਸ ਵਾਰ ਤਾਂ ਸਹੀ ਟਿਕਟਾਂ ਦਿਓਗੇ? ਮੈਂ ਕਹਿੰਦਾ ਹਾਂ ਕਿ ਪਿਛਲੀ ਵਾਰ ਕਿਹੜਾ ਗਲਤ ਦਿੱਤੀਆਂ ਸੀ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਪਿਰਮਲ ਸਿੰਘ ਨੂੰ ਅਸੀਂ ਧਰਨੇ ਵਿਚੋਂ ਲੈ ਕੇ ਆਏ ਸੀ। ਉਹਨਾਂ ਦੀ ਕੁਰਸੀ ਬਾਦਲਾਂ ਤੋਂ ਅੱਗੇ ਲੱਗੀ। ਇਕ ਸੇਵਾ ਮੁਕਤ ਗਜ਼ਟਡ ਅਫਸਰ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਲੈ ਕੇ ਆਏ, ਸਭ ਤੋਂ ਵੱਡੇ-ਵੱਡੇ ਅਖ਼ਬਾਰਾਂ ਦੇ ਚੀਫ ਐਡੀਟਰ ਰਹਿ ਚੁੱਕੇ ਕੰਵਰ ਸੰਧੂ ਨੂੰ ਲੈ ਕੇ ਆਏ, ਉਹ ਮੁੜ ਕੇ ਘਰੋਂ ਨਹੀਂ ਨਿਕਲੇ।
ਸਿਆਸੀ ਪਿਛੋਕੜ ਵਾਲਿਆਂ ਦੀ ਗੱਲ ਕਰੀਏ ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਆਏ ਅਤੇ ਉਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ। ਐਚਐਸ ਫੂਲਕਾ ਸਾਬ੍ਹ ਨੂੰ ਵੀ ਵਿਰੋਧੀ ਧਿਰ ਦਾ ਨੇਤਾ ਬਣਾਇਆ। ਜਾਂ ਤਾਂ ਉਹ ਕੁਝ ਹੋਰ ਬਣਨ ਆਏ ਸੀ ਜੋ ਨਹੀਂ ਬਣ ਸਕੇ ਤੇ ਉਹ ਵਾਪਸ ਚਲੇ ਗਏ। ਅਸੀਂ ਅਪਣੀ ਪਾਰਟੀ ਤਿੰਨ ਕਰੋੜ ਪੰਜਾਬੀਆਂ ਦੀ ਪਾਰਟੀ ਬਣਾਉਣੀ ਹੈ, ਕੋਈ 5-10 ਲੀਡਰਾਂ ਦੀ ਨਹੀਂ। ਨੇਤਾ ਜਿੰਨੇ ਮਰਜ਼ੀ ਬਦਲ ਜਾਣ ਪਰ ਪਾਰਟੀ ਦੀ ਨੀਤੀ ਅਤੇ ਨੀਅਤ ਨਹੀਂ ਬਦਲਣੀ ਚਾਹੀਦੀ।
ਸਵਾਲ: ਆਮ ਆਦਮੀ ਪਾਰਟੀ ਉੱਤੇ ਅੱਜ ਵੀ ਇਲਜ਼ਾਮ ਲੱਗ ਰਹੇ ਨੇ ਕਿ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਤੁਸੀਂ ਨਾਮ ਲਏ ਉਹਨਾਂ ਵਿਚੋਂ ਵੀ ਕਈਆਂ ਨੇ ਕਿਹਾ ਕਿ ਇਸ ਪਾਰਟੀ ਵਿਚ ਸਾਡੀ ਪੱਗ ਤੱਕ ਦੀ ਇੱਜ਼ਤ ਨਹੀਂ ਹੋਈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਬਾਕੀ ਪਾਰਟੀਆਂ ਵਿਚ ਹਾਈਕਮਾਂਡ ਹੈ, ਉਹੀ ਹਾਈਕਮਾਂਡ ਦੀ ਗੱਲ ਹੁਣ ਆਮ ਆਦਮੀ ਪਾਰਟੀ ਬਾਰੇ ਵੀ ਹੋ ਰਹੀ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ: ਇਹਨਾਂ ਇਲਜ਼ਾਮਾਂ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਇਕ ਰੁਪਏ ਦਾ ਵੀ ਸਬੂਤ ਦਿਓ, ਅਸੀਂ ਕਾਰਵਾਈ ਕਰਾਂਗੇ। ਇਹ ਪਾਰਟੀ ਅਜਿਹੀ ਹੈ ਕਿ ਸੀਟ ਨਾ ਲੜਨਾ ਮਨਜ਼ੂਰ ਹੈ ਪਰ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ। ਇਹ ਇਕ ਰਿਵਾਜ਼ ਚੱਲ ਰਿਹਾ ਹੈ। ਇਹ 117 ਬੰਦਿਆਂ ਦੀ ਪਾਰਟੀ ਨਹੀਂ ਹੈ, ਸਾਨੂੰ ਹਜ਼ਾਰਾਂ ਬੰਦਿਆਂ ਦੀ ਲੋੜ ਹੈ। ਇਹ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਸਿਆਸਤ ਸਿਰਫ਼ ਸਬਰ ਦੀ ਖੇਡ ਹੈ, ਅਪਣੇ ਅੱਡੇ ਉੱਤੇ ਖੜ੍ਹੇ ਰਹੋ ਕੋਈ ਨਾ ਕੋਈ ਬੱਸ ਜ਼ਰੂਰ ਰੁਕੇਗੀ। ਸੰਗਠਨ ਵੱਡਾ ਹੁੰਦਾ ਹੈ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ।
ਸਵਾਲ: ਤੁਸੀਂ ਕਹਿ ਰਹੇ ਹੋ ਕਿ ਜਿਹੜੇ ਛੱਡ ਕੇ ਗਏ ਉਹ ਹਉਮੈ ਵਿਚ ਸੀ?
ਜਵਾਬ: ਇਕ ਤਾਂ ਹੁਣ ਜੇਲ੍ਹ ਵਿਚ ਬੈਠਾ ਹੈ। ਜਿਨ੍ਹਾਂ ਨੇ ਉਹਨਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਇਆ ਸੀ ਉਹ ਖੁਦ ਕਾਂਗਰਸ ਵਿਚੋਂ ਨਿਕਲ ਗਏ। ਪਰਿਵਾਰ ਵਿਚ ਗਿਲੇ ਸ਼ਿਕਵੇ ਹੋ ਜਾਂਦੇ ਹਨ ਜੇਕਰ ਕਿਸੇ ਦੀ ਅਪਣੇ ਭਰਾ ਜਾਂ ਪਿਓ ਨਾਲ ਲੜਾਈ ਹੋਈ ਹੋਵੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਘਰ ਛੱਡ ਕੇ ਚਲੇ ਜਾਓ।
ਸਵਾਲ: ਤੁਸੀਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਅਕਾਲੀ ਦਲ ਨੇ ਮੌਜੂਦਾ ਮੁੱਖ ਮੰਤਰੀ ਦੇ ਭਰਾ ਨੂੰ ਬਚਾਇਆ ਸੀ, ਇਸ ਲਈ ਹੁਣ ਮੁੱਖ ਮੰਤਰੀ ਨੇ ਮਜੀਠੀਆ ਨੂੰ ਬਚਾਇਆ ਹੈ। ਇਹ ਕਿਸ ਅਧਾਰ ’ਤੇ ਕਹਿ ਰਹੇ ਹੋ?
ਜਵਾਬ: ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਵਿਧਾਨ ਸਭਾ ਵਿਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਸਭ ਤੋਂ ਵੱਧ ਰੌਲਾ ਪਾਉਂਦੇ ਸੀ ਅਤੇ ਤਾਹਨੇ ਮਾਰਦੇ ਸੀ ਤੇ ਕਹਿੰਦੇ ਸੀ ਕਿ ਕੈਪਟਨ ਸਾਬ੍ਹ ਅਸੀਂ ਝੋਲੀ ਅੱਡਦੇ ਹਾਂ, ਮਜੀਠੀਆ ਖਿਲਾਫ਼ ਕਾਰਵਾਈ ਕਰੋ। ਅਸੀਂ ਕਿਹੜਾ ਮੂੰਹ ਲੈ ਕੇ ਜਾਵਾਂਗੇ, ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਕੈਪਟਨ ਸਾਬ੍ਹ ਦੀ ਮਿਲੀਭੁਗਤ ਸੀ ਤਾਂ ਉਹਨਾਂ ਨੇ ਕਾਰਵਾਈ ਨਹੀਂ ਕੀਤੀ।
ਹੁਣ 111 ਦਿਨ ਦੀ ਸਰਕਾਰ ਵਿਚ ਰੰਧਾਵਾ ਸਾਬ੍ਹ ਖੁਦ ਗ੍ਰਹਿ ਮੰਤਰੀ ਬਣੇ, ਉਹਨਾਂ ਨੇ ਕੀ ਕੀਤਾ? 111 ਦਿਨਾਂ ਵਿਚ ਸਿਰਫ ਐਫਆਈਆਰ ਹੀ ਕੀਤੀ, ਉਹ ਵੀ ਤੀਜਾ ਡੀਜੀਪੀ ਲਗਾ ਕੇ। ਮੋਹਾਲੀ ਕੋਰਟ ਵਿਚ ਅਗਾਊਂ ਜ਼ਮਾਨਤ ਰੱਦ ਹੋ ਗਈ, ਉਸ ਦੋਂ ਬਾਅਦ 20-22 ਦਿਨ ਵਿਚ ਉਹ ਇਕ ਵਿਅਕਤੀ ਨੂੰ ਫੜ੍ਹ ਹੀ ਨਹੀਂ ਸਕੇ। ਕਹਿੰਦੇ ਉਹ ਪੰਜਾਬ ਵਿਚ ਹੀ ਨਹੀਂ ਹੈ ਜਦਕਿ ਮਜੀਠੀਆ ਨੇ ਖੁਦ ਕਿਹਾ ਕਿ ਮੈਂ ਇੱਥੇ ਹੀ ਸੀ। ਇਹ ਤਾਂ ਨਿਰ੍ਹਾ ਮਜ਼ਾਕ ਹੈ। ਇਹੀ ਕੰਮ ਰਾਜਾ ਵੜਿੰਗ ਨੇ ਕੀਤਾ ਉਹ ਬਾਦਲਾਂ ਦੀਆਂ ਬੱਸਾਂ ਫੜੀ ਗਏ ਅਤੇ ਕੋਰਟ ਉਹਨਾਂ ਦੇ ਪਰਮਿਟ ਬਹਾਲ ਕਰੀ ਗਈ। ਸਿਰਫ ਫੇਸਬੁੱਕ ਉੱਤੇ ਹੀ ਰਾਜਾ ਵੜਿੰਗ ਦੀ ਵਾਹ-ਵਾਹ ਹੋਈ। ਇਸ ਤੋਂ ਪਹਿਲਾਂ ਅਤੁਲ ਨੰਦਾ ਪੰਜਾਬ ਦੇ ਏਜੀ ਸਨ, ਉਹਨਾਂ ਨੇ ਪੰਜਾਬ ਦਾ ਇਕ ਵੀ ਕੇਸ ਨਹੀਂ ਜਿੱਤਿਆ। ਦਿੱਲੀ ਤੋਂ ਮਹਿੰਗੇ-ਮਹਿੰਗੇ ਵਕੀਲ ਵੀ ਸੱਦੇ ਗਏ ਪਰ ਕੋਈ ਕੇਸ ਨਹੀਂ ਜਿੱਤਿਆ।
ਸਵਾਲ: ਇਸ ਸਬੰਧੀ ਤੁਹਾਡੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਤੁਹਾਡੀ ਪਾਰਟੀ ਦੇ ਮੁਖੀ ਨੇ ਤਾਂ ਮਜੀਠੀਆ ਕੋਲੋਂ ਮੁਆਫੀ ਮੰਗ ਲਈ ਸੀ। ਅਪਣੇ ਸਟੈਂਡ ’ਤੇ ਨਹੀਂ ਰਹੇ?
ਜਵਾਬ: ਉਹਨਾਂ ਨੇ ਕੇਸ ਵਾਪਸ ਲੈ ਲਿਆ ਸੀ, ਜੇ ਅਸੀਂ 2017 ਵਿਚ ਸੱਤਾ ’ਚ ਆਏ ਹੁੰਦੇ ਤਾਂ ਜੇਕਰ ਅਸੀਂ ਕਾਰਵਾਈ ਨਾ ਕਰਦੇ ਫਿਰ ਅਸੀਂ ਗੁਨਾਹਗਾਰ ਹੁੰਦੇ। ਅਸੀਂ ਇਹ ਕਦੋਂ ਕਿਹਾ ਕਿ ਕਾਰਵਾਈ ਨਾ ਕਰੋ। ਇਹਨਾਂ ਕੋਲੋਂ ਦੋ ਸਾਲਾਂ ਵਿਚ ਇਕ ਲਿਫਾਫਾ ਨਹੀਂ ਖੁੱਲ਼੍ਹਿਆ, ਅਦਾਲਤ ਨੇ ਵੀ ਕਿਹਾ ਕਿ ਅਸੀਂ ਤੁਹਾਨੂੰ ਕਦੋਂ ਕਿਹਾ ਕਿ ਨਾ ਖੋਲ੍ਹੋ? ਨਾ ਇਹਨਾਂ ਨੇ ਬੇਅਦਬੀ ਮਾਮਲੇ ਵਿਚ ਕੁਝ ਕੀਤਾ। ਇਹ ਸਭ ਆਪਸ ਵਿਚ ਰਲ਼ੇ ਹੋਏ ਨੇ।
ਸਵਾਲ: ਉਹ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੇ ਨੇ ਕਿ ਤੁਸੀਂ ਬਾਦਲਾਂ ਨਾਲ ਰਲੇ ਹੋਏ ਹੋ ਕਿਉਂਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਮੁੱਦਾ ਚੁੱਕਿਆ ਸੀ ਕਿ ਦਿੱਲੀ ਸਰਕਾਰ ਪੰਜਾਬ ਦੀਆਂ ਬੱਸਾਂ ਨੂੰ ਏਅਰਪੋਰਟ ਤੱਕ ਜਾਣ ਦੀ ਮਨਜ਼ੂਰੀ ਨਹੀਂ ਦੇ ਰਹੀ?
ਜਵਾਬ: ਏਅਰਪੋਰਟ ਦਾ ਟੈਕਸ ਵੱਖਰਾ ਹੈ ਅਤੇ ਆਈਐਸਬੀਟੀ ਦਾ ਟੈਕਸ ਵੱਖਰਾ ਹੈ। ਰਾਜਾ ਵੜਿੰਗ ਸਾਡੇ ਟਰਾਂਸਪੋਰਟ ਮੰਤਰੀ ਨਾਲ ਬੈਠ ਜਾਣ ਅਤੇ ਟੈਕਸ ਭਰ ਦੇਣ ਫਿਰ ਬੱਸਾਂ ਏਅਰਪੋਰਟ ਤੱਕ ਲੈ ਜਾਣ। ਸਾਡੇ ਲਈ ਤਾਂ ਚੰਗੀ ਗੱਲ਼ ਹੈ ਕਿ ਮੁਕਾਬਲਾ ਹੋਵੇ, ਅਸੀਂ ਕਿਉਂ ਚਾਹਾਂਗੇ ਕਿ ਕਿਸੇ ਦੀ ਮੋਨੋਪਲੀ ਰਹੇ।
ਇਹਨਾਂ ਨੇ ਕੋਈ ਕਾਗਜ਼ੀ ਕਾਰਵਾਈ ਪੂਰੀ ਨਹੀਂ ਕੀਤੀ ਪਰ ਪੰਜਾਬ ਦੇ ਖੰਭੇ, ਦਰੱਖਤ ਅਤੇ ਕੰਧਾਂ ਨੂੰ ਅਪਣੇ ਪੋਸਟਰਾਂ ਨਾਲ ਭਰ ਦਿੱਤਾ ਕਿ ਅਸੀਂ 36000 ਕੱਚੇ ਕਾਮੇ ਪੱਕੇ ਕੀਤੇ, ਮੈਂ ਕਹਿੰਦਾ ਹਾਂ ਕਿ ਮੈਨੂੰ 36 ਕਾਮੇ ਹੀ ਦਿਖਾ ਦੇਣ, ਜਿਨ੍ਹਾਂ ਨੂੰ ਪੱਕਾ ਕੀਤਾ। ਤਿੰਨ ਦਿਨ ਬਾਅਦ ਚੰਨੀ ਸਾਬ੍ਹ ਕਹਿੰਦੇ ਕਿ ਰਾਜਪਾਲ ਨੇ ਫਾਈਲ ਉੱਤੇ ਦਸਤਖ਼ਤ ਨਹੀਂ ਕੀਤੇ। ਉਧਰ ਰਾਜਪਾਲ ਕਹਿੰਦੇ ਕਿ ਅਸੀਂ ਤਾਂ ਸੁਧਾਰ ਕਰਨ ਲਈ ਫਾਈਲ ਵਾਪਸ ਭੇਜ ਦਿੱਤੀ ਸੀ। ਨਾ ਕਿਸੇ ਨੂੰ ਪੰਜ ਮਰਲੇ ਦਾ ਪਲਾਟ ਮਿਲਿਆ, ਨਾ ਕਿਸੇ ਦਾ ਕੱਚਾ ਘਰ ਪੱਕਾ ਹੋਇਆ, ਬਸ ਸਿਰਫ ਐਲਾਨ ਹੀ ਹੋਏ।
ਚੰਨੀ ਦੀ ਜਾਖੜ ਨਾਲ ਨਹੀਂ ਬਣਦੀ, ਜਾਖੜ ਦੀ ਬਾਜਵੇ ਨਾਲ ਨਹੀਂ ਬਣਦੀ, ਬਾਜਵੇ ਦੀ ਰੰਧਾਵੇ ਨਾਲ ਨਹੀਂ ਬਣਦੀ, ਰੰਧਾਵੇ ਦੀ ਬਿੱਟੂ ਨਾਲ ਨਹੀਂ ਬਣਦੀ, ਬਿੱਟੂ ਦੀ ਸਿੱਧੂ ਨਾਲ ਨਹੀਂ ਬਣਦੀ, ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ। ਇਹ ਚੱਲ ਰਿਹਾ ਇਹਨਾਂ ਦੀ ਪਾਰਟੀ ਵਿਚ।
ਸਵਾਲ: ਹਰ ਪਾਰਟੀ ਦਾ ਇਹੀ ਹਾਲ ਹੈ, ਕੀ ਸਾਡੇ ਸਾਰਿਆਂ ਵਿਚ ਇੰਨੀ ਜ਼ਿਆਦਾ ਹਉਮੈ ਆ ਗਈ ਕਿ ਅਸੀਂ ਮਿਲ ਕੇ ਕੰਮ ਕਰਨਾ ਭੁੱਲ ਗਏ ਹਾਂ?
ਜਵਾਬ: ਸਾਡੀ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਆਗੂ ਗੈਰ-ਸਿਆਸੀ ਪਿਛੋਕੜ ਨਾਲ ਸਬੰਧ ਰੱਖਦੇ ਹਾਂ। ਜਦੋਂ ਤੁਸੀਂ ਮਿਸ਼ਨ ਪੰਜਾਬ ਲੈ ਕੇ ਚੱਲ ਰਹੇ ਹੋ ਤਾਂ ਆਕੜ ਜਾਂ ਹਉਮੈ ਮਾਇਨੇ ਨਹੀਂ ਰੱਖਦੀ। ਜੇ ਪੰਜਾਬ ਲਈ ਸਾਨੂੰ ਕਿਸੇ ਦੇ ਪੈਰ ਵੀ ਫੜਨੇ ਪਏ ਤਾਂ ਅਸੀਂ ਫੜ ਲਵਾਂਗੇ। ਕਾਂਗਰਸ ਦੀ ਸਰਕਾਰ ਮੁਹੱਲੇ ਦੀ ਕ੍ਰਿਕਟ ਟੀਮ ਵਾਂਗ ਚੱਲ ਰਹੀ ਹੈ, ਪੰਜਾਬ ਨੂੰ ਮਜ਼ਬੂਤ ਸਰਕਾਰ ਚਾਹੀਦੀ ਹੈ, ਜੋ ਭਾਈਚਾਰਕ ਸਾਂਝ ਕਾਇਮ ਰੱਖ ਸਕੇ। ਜੇਕਰ 2015 ਵਾਲੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਹੁੰਦੀ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਪੈਣੀ ਕਿ ਦਰਬਾਰ ਸਾਹਿਬ ਜਾ ਕੇ ਜੰਗਲਾ ਟੱਪ ਲਵੇ। ਇਸੇ ਤਰ੍ਹਾਂ ਬੰਬ ਧਮਾਕੇ ਸਿਰਫ ਵੋਟਾਂ ਵੇਲੇ ਹੀ ਕਿਉਂ ਹੁੰਦੇ ਨੇ? ਪਿਛਲੀ ਵਾਰ ਮੌੜ ਹੋਇਆ ਸੀ ਤੇ ਇਸ ਵਾਰ ਲੁਧਿਆਣਾ ਵਿਖੇ ਹੋਇਆ। ਰਾਹਤ ਇੰਦੌਰੀ ਦਾ ਇਕ ਸ਼ੇਅਰ ਹੈ, “ਸਰਹੱਦੋਂ ਪਰ ਬਹੁਤ ਤਨਾਵ ਹੈ ਕਿਆ ਕੁਝ ਪਤਾ ਕਰੋ ਚੁਨਾਵ ਹੈ ਕਿਆ”। ਅਸੀਂ ਇਸ ਤਰ੍ਹਾਂ ਦੀ ਨਫ਼ਰਤ ਵਾਲੀ ਰਾਜਨੀਤੀ ਨਹੀਂ ਕਰਦੇ ਅਤੇ ਨਾ ਹੀ ਕਦੀ ਕਰਾਂਗੇ। ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਹਾਂ।
ਸਵਾਲ: ਇਸ ਵਾਰ ਚੋਣਾਂ ਵਿਚ ਪੰਜ ਧਿਰਾਂ ਸਾਹਮਣੇ ਆਉਣਗੀਆਂ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ-ਪੰਜਾਬ ਲੋਕ ਕਾਂਗਰਸ-ਅਕਾਲੀ ਦਲ ਸੰਯੁਕਤ ਅਤੇ ਕਿਸਾਨ ਚੋਣ ਮੈਦਾਨ ਵਿਚ ਹਨ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ: ਹੁਣ ਪੀੜ੍ਹੀ ਬਦਲ ਗਈ ਹੈ ਅਤੇ ਵੋਟਰ ਦਾ ਮੂਡ ਬਦਲ ਗਿਆ ਹੈ। ਲੋਕ ਸਪਸ਼ਟ ਫੈਸਲਾ ਦੇ ਰਹੇ ਹਨ, ਪਹਿਲਾਂ ਵਾਲਾ ਰੁਝਾਨ ਨਹੀਂ ਰਿਹਾ। ਲੋਕਾਂ ਦਾ ਮਨ ਆਮ ਆਦਮੀ ਪਾਰਟੀ ਲਈ ਬਣਿਆ ਹੋਇਆ ਹੈ। ਕੈਪਟਨ ਸਾਬ੍ਹ ਸਾਢੇ ਚਾਰ ਸਾਲ ਨਹੀਂ ਨਿਕਲੇ, ਹੁਣ ਉਹ ਕਿਹੜੇ ਮੂੰਹ ਨਾਲ ਲੋਕਾਂ ਵਿਚ ਜਾਣਗੇ। ਉਹਨਾਂ ਨੇ ਪਾਰਟੀ ਦਾ ਨਾਮ ਪੰਜਾਬ ਲੋਕ ਕਾਂਗਰਸ ਰੱਖਿਆ, ਉਹ ਨਾਮ ਰੱਖਣ ਸਮੇਂ ਸੋਚ ਤਾਂ ਲੈਂਦੇ, ਨਾ ਉਹਨਾਂ ਨਾਲ ਪੰਜਾਬ ਹੈ, ਨਾਂ ਲੋਕ ਅਤੇ ਨਾ ਹੀ ਕਾਂਗਰਸ। ਭਾਜਪਾ 750 ਕਿਸਾਨਾਂ ਦੀ ਕਾਤਲ ਹੈ, ਇਸ ਲਈ ਉਹਨਾਂ ਦੇ ਇੱਥੇ ਪੈਰ ਨਹੀਂ ਲੱਗਣਗੇ। ਕਾਂਗਰਸ ਦੀ ਦੂਜੀ ਸਰਕਾਰ ਨੇ 111 ਦਿਨਾਂ ਵਿਚ ਅਪਣੇ ਰੰਗ ਦਿਖਾ ਦਿੱਤੇ। ਬਾਕੀ ਕਿਸਾਨਾਂ ਨੂੰ ਸਾਡੀਆਂ ਸ਼ੁੱਭਕਾਮਨਾਵਾਂ।
ਸਵਾਲ: ਮੰਨ ਲਓ ਤੁਸੀਂ ਮੁੱਖ ਮੰਤਰੀ ਬਣ ਗਏ ਤਾਂ ਤੁਸੀਂ ਪਹਿਲਾ ਫੈਸਲਾ ਕੀ ਲਓਗੇ?
ਜਵਾਬ: ਮੈਂ ਪਹਿਲਾ ਫੈਸਲਾ ਰੁਜ਼ਗਾਰ ਦਾ ਲਵਾਂਗਾ ਕਿਉਂਕਿ ਬੇਰੁਜ਼ਗਾਰੀ ਪੰਜਾਬ ਦਾ ਬਹੁਤ ਵੱਡਾ ਦੁੱਖ ਹੈ। ਪੰਜਾਬ ਵਿਚ ਹਰ ਤੀਜਾ ਸ਼ੋਅਰੂਮ ਆਈਲੈਟਸ ਦਾ ਹੈ, ਅਸੀਂ ਆਈਲੈਟਸ ਨੂੰ ਡਿਗਰੀ ਸਮਝ ਬੈਠੇ ਹਾਂ। ਜਹਾਜ਼ ਭਰ-ਭਰ ਕੇ ਜਾ ਰਹੇ ਹਨ। ਪੰਜਾਬ ਖਾਲੀ ਹੋ ਰਿਹਾ ਹੈ, ਅਸੀਂ ਪੰਜਾਬ ਨੂੰ ਫਿਰ ਭਰਾਂਗੇ। ਅਸੀਂ ਗੁਰੂ ਨਾਨਕ ਦੇਵ ਜੀ ਦੀ ਧਰਤੀ, ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਧਰਤੀ ਨੂੰ ਛੱਡ ਕੇ ਭੱਜ ਰਹੇ ਹਾਂ। ਕਾਰਨ ਸਿਰਫ ਮਾੜੀਆਂ ਸਰਕਾਰਾਂ ਹਨ, ਸਾਨੂੰ ਅਪਣਾ ਭਵਿੱਖ ਨਹੀਂ ਦਿਖਾਈ ਦੇ ਰਿਹਾ। ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿਚੋਂ ਟੀਕੇ ਖੋਹ ਕੇ ਟਿਫਨ ਫੜਾਏ ਜਾਣ।