'ਜੋ ਗੱਲ ਮੈਂ ਕਰਾਂਗਾ ਉਹ ਨਾ ਤਾਂ 5000 ਵਾਅਦਿਆਂ ਦੀ ਹੈ ਅਤੇ ਨਾ ਹੀ 500 ਵਾਅਦਿਆਂ ਦੀ ਹੈ। ਉਹ 13 ਨੁਕਾਤੀ ਪ੍ਰੋਗਰਾਮ ਦੀ ਹੈ'
ਅੰਮ੍ਰਿਤਸਰ - ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅੰਮ੍ਰਿਤਸਰ ਵਿਚ ਪ੍ਰੈੱਸ ਕਾਨਫਰੰਸ ਕੀਤੀ ਗਈ। ਪੰਜਾਬ ’ਚ ਹੋ ਰਹੀਆਂ ਚੋਣਾਂ ਦੀ ਬਦਲੀ ਤਾਰੀਖ਼ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੀ ਆਤਮਾ ਹਨ। ਲੋਕਾਂ ਦੇ ਕਹਿਣ ’ਤੇ ਪੰਜਾਬ ’ਚ ਹੋਣ ਵਾਲੀਆਂ ਚੋਣਾਂ ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਅੰਦਰ ਧਾਰਮਿਕ ਭਾਵਨਾਵਾਂ ਭਰੀਆਂ ਹੋਈਆਂ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਏਜੰਡੇ 'ਤੇ ਚੋਣ ਲੜੇਗੀ।
ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਜ਼ੁਬਾਨ ਦਿੰਦਾ ਹਾਂ ਕਿ ਜੋ ਗੱਲ ਮੈਂ ਕਰਾਂਗਾ ਉਹ ਨਾ ਤਾਂ 5000 ਵਾਅਦਿਆਂ ਦੀ ਹੈ ਅਤੇ ਨਾ ਹੀ 500 ਵਾਅਦਿਆਂ ਦੀ ਹੈ। ਉਹ 13 ਨੁਕਾਤੀ ਪ੍ਰੋਗਰਾਮ ਦੀ ਹੈ। ਅਸੀਂ ਕੇਜਰੀਵਾਲ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਲੌਲੀਪੌਪ ਨਹੀਂ ਦੇਵਾਂਗੇ। ‘ਆਪ’ ਵਲੋਂ ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ’ਤੇ ਨਿਸ਼ਾਨਾ ਸਾਧਿਆ ਗਿਆ। ਨਵਜੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਸਾਰੀ ਕਾਂਗਰਸ ਦੀ ਜੂਠ ਹੈ। ਕਾਂਗਰਸ ਦੇ ਉਮੀਦਵਾਰ ਹੀ ‘ਆਪ’ ’ਚ ਜਾ ਰਹੇ ਹਨ।
ਨਵਜੋਤ ਸਿੱਧੂ ਨੇ 'ਪੰਜਾਬ ਮਾਡਲ' ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਕਈ ਸਹੂਲਤਾਵਾਂ ਦੇਣ ਦਾ ਐਲਾਨ ਕੀਤਾ।
ਨਵਜੋਤ ਨੇ ਕਿਹਾ ਕਿ ਨੌਕਰੀ ਕਰਨ ਵਾਲੀਆਂ ਜਨਾਨੀਆਂ ਨੂੰ ਨਹੀਂ ਸਗੋਂ ਜ਼ਰੂਰਤਮੰਦ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਹਰੇਕ ਮਹੀਨੇ ਦਿੱਤੇ ਜਾਣਗੇ ਅਤੇ ਘਰ ਵਰਤੋਂ ਲਈ 8 ਸਿਲੰਡਰ ਵੀ ਦਿੱਤੇ ਜਾਣਗੇ। ਨਵਜੋਤ ਨੇ ਕਿਹਾ ਕਿ ਪੜ੍ਹਾਈ ਨੂੰ ਲੈ ਕੇ ਵੀ ਕੁੜੀਆਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਜਾਵੇਗੀ। ਇਸ ਦੌਰਾਨ 5ਵੀਂ ਪਾਸ ਕਰ ਚੁੱਕੀ ਕੁੜੀ ਨੂੰ 5 ਹਜ਼ਾਰ ਰੁਪਏ, 8ਵੀਂ ਪਾਸ ਕਰ ਚੁੱਕੀ ਕੁੜੀ ਨੂੰ 10 ਹਜ਼ਾਰ ਰੁਪਏ, 10ਵੀਂ ਪਾਸ ਕਰ ਚੁੱਕੀ ਕੁੜੀ ਨੂੰ 15 ਹਜ਼ਾਰ ਰੁਪਏ ਦੇ ਨਾਲ ਟੈਬਲੇਟ ਦਿੱਤਾ ਜਾਵੇਗਾ।