
ਭਾਰਤ ਦੀ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦਾ ਇਕ ਸਾਲ ਪੂਰਾ
ਹੁਣ ਤਕ 156.76 ਕਰੋੜ ਖ਼ੁਰਾਕਾਂ ਦਿਤੀਆਂ ਗਈਆਂ
ਨਵੀਂ ਦਿੱਲੀ, 16 ਜਨਵਰੀ : ਕੋਰੋਨਾ ਵਿਰੁਧ ਦੇਸ਼ਵਿਆਪੀ ਟੀਕਾਕਰਨ ਮੁਹਿੰਮ ਨੇ ਐਤਵਾਰ ਨੂੰ ਇਕ ਸਾਲ ਪੂਰਾ ਕਰ ਲਿਆ ਹੈ | ਇਸ ਪੂਰੇ ਇਕ ਸਾਲ ਦੌਰਾਨ ਟੀਕੇ ਦੀਆਂ ਕਰੀਬ 156.76 ਕਰੋੜ ਖ਼ੁਰਾਕਾਂ ਦਿਤੀਆਂ ਗਈਆਂ ਹਨ | ਸਿਹਤ ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ, ਕਰੀਬ 92 ਫ਼ੀ ਸਦੀ ਬਾਲਗ਼ ਆਬਾਦੀ ਨੂੰ ਘਟੋ-ਘੱਟ ਪਹਿਲੀ ਖ਼ੁਰਾਕ ਮਿਲ ਗਈ ਹੈ ਜਦਕਿ ਕਰੀਬ 68 ਫ਼ੀ ਸਦੀ ਦਾ ਟੀਕਾਕਰਨ ਪੂਰਾ ਹੋ ਚੁਕਾ ਹੈ | ਕੇਂਦਰੀ ਟੀਕਾਕਰਨ ਮੁਹਿੰਮ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਐਤਵਾਰ ਦੁਪਹਿਰ ਨੂੰ ਇਕ ਡਾਕ ਟਿਕਟ ਜਾਰੀ ਕੀਤੀ ਗਈ | ਮੁਹਿੰਮ ਪਿਛਲੇ ਸਾਲ 16 ਜਨਵਰੀ ਤੋਂ ਸ਼ੁਰੂ ਹੋਈ ਸੀ, ਜਦੋਂ ਪਹਿਲੇ ਪੜਾਅ 'ਚ ਸਿਹਤ ਕਾਮਿਆਂ ਨੂੰ ਟੀਕਾਕਰਨ ਦੀਆਂ ਖ਼ੁਰਾਕਾਂ ਦਿਤੀਆਂ ਗਈਆਂ ਸਨ | ਇਸ ਤੋਂ ਬਾਅਦ ਫ਼ਰੰਟ ਲਾਈਨ ਕਾਮਿਆਂ ਲਈ ਟੀਕਾਕਰਨ 1 ਫ਼ਰਵਰੀ ਤੋਂ ਸ਼ੁਰੂ ਹੋਇਆ ਸੀ |
ਕੋਵਿਡ-19 ਟੀਕਾਕਰਨ ਦਾ ਅਗਲਾ ਪੜਾਅ 1 ਮਾਰਚ ਤੋਂ ਸ਼ੁਰੂ ਹੋਇਆ ਜਿਸ ਵਿਚ 60 ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ, ਜਿਨ੍ਹਾਂ ਨੂੰ ਹੋਰ ਗੰਭੀਰ ਬੀਮਾਰੀਆਂ ਸਨ | ਮੁਹਿੰਮ ਦੇ ਅਗਲੇ ਪੜਾਅ 'ਚ 45 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਦਾ ਟੀਕਾਕਰਨ 1 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ | ਸਰਕਾਰ ਨੇ 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਦੀ ਮਨਜ਼ੂਰੀ ਦੇ ਕੇ ਮੁਹਿੰਮ ਦਾ ਦਾਇਰਾ ਇਕ ਮਈ 2021 ਤੋਂ ਹੋਰ ਵਧਾ ਦਿਤੀ ਸੀ | ਇਸ ਤੋਂ ਬਾਅਦ 15 ਤੋਂ 18 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਕੋਵਿਡ-19 ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ ਇਸ ਸਾਲ 3 ਜਨਵਰੀ ਤੋਂ ਸ਼ੁਰੂ ਹੋਇਆ |
ਭਾਰਤ ਨੇ ਸਿਹਤ ਦੇਖਭਾਲ ਅਤੇ ਪਹਿਲੀ ਕਤਾਰ ਦੇ ਕਾਮਿਆਂ ਨੂੰ ਕੋਵਿਡ ਟੀਕੇ ਦੀ ਵਾਧੂ ਖ਼ੁਰਾਕ ਦੇਣਾ 10 ਜਨਵਰੀ ਤੋਂ ਸ਼ੁਰੂ ਕਰ ਦਿਤਾ, ਜਿਸ ਵਿਚ 5 ਚੋਣ ਸੂਬਿਆਂ 'ਚ ਤਾਇਨਾਨ ਵੋਟਿੰਗ ਕਾਮੇਂ ਅਤੇ 60 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ |
ਸਿਹਤ ਮੰਤਰਾਲਾ ਨੇ ਦਾਅਵਾ ਕੀਤਾ ਕਿ ਟੀਕਾਕਰਨ ਲਈ ਕਾਫ਼ੀ ਘੱਟ ਜਨਸੰਖਿਆ ਵਾਲੇ ਕਈ ਵਿਕਸਤ ਪਛਮੀ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਟੀਕਾਕਰਨ ਮੁਹਿੰਮ ਸੱਭ ਤੋਂ ਵੱਧ ਸਫ਼ਲ ਅਤੇ ਵੱਡੀ ਟੀਕਾਕਰਨ ਮੁਹਿੰਮਾਂ ਵਿਚੋਂ ਇਕ ਹੈ | ਐਤਵਾਰ ਸਵੇਰੇ ਸੱਤ ਵਜੇ ਤਕ ਦੀ ਅੰਤਮ ਰਿਪੋਰਟ ਮੁਤਾਬਕ ਦੇਸ਼ ਵਿਚ ਕੋਰੋਨਾ ਰੋਕੂ ਟੀਕਾਕਰਨ ਤਹਿਤ 156.76 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ | 43.19 ਲੱਖ ਅਹਿਤਿਆਤੀ ਖ਼ੁਰਾਕਾਂ (ਬੂਸਟਰ ਡੋਜ਼) ਦੇਣ ਦੇ ਨਾਲ ਹੀ 15 ਤੋਂ 18 ਸਾਲ ਦੇ 3,38,50,912 ਬੱਚਿਆਂ ਨੂੰ ਪਹਿਲੀ ਖ਼ੁਰਾਕ ਦਿਤੀ ਜਾ ਚੁਕੀ ਹੈ | (ਪੀਟੀਆਈ)