
ਖ਼ੁਦਕੁਸ਼ੀ ਜਾਂ ਕਤਲ? ਜਾਂਚ ਵਿਚ ਜੁਟੀ ਪੁਲਿਸ
ਬਰਨਾਲਾ: ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਬਿੱਕਰ ਸਿੰਘ ਜੇਲ੍ਹ ਅੰਦਰ ਟਾਵਰ ਉਪਰ ਡਿਊਟੀ 'ਤੇ ਤੈਨਾਤ ਸੀ ਅਤੇ ਉਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜੇਲ੍ਹ ਸੁਪਰਡੈਂਟ ਦੀ ਸੂਚਨਾ 'ਤੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ ਅਤੇ ਪੁਲਿਸ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਥਾਣਾ ਸਿਟੀ ਦੇ ਐਸਐਚਓ ਅਨੁਸਾਰ ਮ੍ਰਿਤਕ ਦੀ ਮੌਤ ਸਾਹਮਣੇ ਤੋਂ ਗੋਲੀ ਲੱਗਣ ਨਾਲ ਹੋਈ ਹੈ, ਪੁਲਿਸ ਨੇ ਮ੍ਰਿਤਕ ਦੀ ਬੰਦੂਕ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬਰਨਾਲਾ ਦੀ ਇਸ ਜ਼ਿਲ੍ਹਾ ਜੇਲ੍ਹ ਵਿੱਚ ਸਿਮਰਜੀਤ ਸਿੰਘ ਬੈਂਸ ਵੀ ਕੈਦ ਹਨ। ਇਸ ਸਬੰਧੀ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਤੈਨਾਤ ਡਾਕਟਰ ਗੁਰਮੇਹਰ ਢਿੱਲੋਂ ਨੇ ਦੱਸਿਆ ਕਿ ਉਹਨਾਂ ਦੀ ਸੂਚਨਾ ਅਨੁਸਾਰ ਪੁਲਿਸ ਮੁਲਾਜ਼ਮ ਬਿੱਕਰ ਸਿੰਘ ਦੀ ਮ੍ਰਿਤਕ ਦੇਹ ਹਸਪਤਾਲ ਵਿੱਚ ਆਈ ਹੈ। ਉਹਨਾਂ ਦੀ ਮੌਤ ਗੰਨ ਦੀ ਗੋਲੀ ਲੱਗਣ ਨਾਲ ਹੋਈ ਹੈ, ਜਦਕਿ ਪੂਰੀ ਅਸਲੀਅਤ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਉਥੇ ਇਸ ਸਬੰਧੀ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਬਰਨਾਲਾ ਜੇਲ੍ਹ ਦੇ ਸੁਪਰਡੈਂਟ ਦਾ ਫੋਨ ਆਇਆ ਸੀ ਕਿ ਕਿਸੇ ਮੁਲਾਜ਼ਮ ਨੇ ਡਿਊਟੀ ਦੌਰਾਨ ਖੁਦਕੁਸ਼ੀ ਕਰ ਲਈ ਹੈ। ਉਹਨਾਂ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਜੇਲ੍ਹ ਵਿੱਚ ਟਾਵਰ 'ਤੇ ਡਿਊਟੀ ਦੇ ਰਹੇ ਮੁਲਾਜ਼ਮ ਬਿੱਕਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਉਹਨਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਦੀ ਮੌਤ ਅੱਗੇ ਤੋਂ ਗੋਲੀ ਨਾਲ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਬੰਦੂਕ ਕਬਜ਼ੇ ਵਿੱਚ ਲੈ ਕੇ ਉਸ ਦੀ ਦੇਹ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੱਖੀ ਗਈ ਹੈ। ਫਿਲਹਾਲ ਪੁਲਿਸ ਮੌਤ ਦੇ ਕਾਰਨਾਂ ਬਾਰੇ ਜਾਂਚ ਕਰ ਰਹੀ ਹੈ।