
ਜ਼ਮੀਨ ਵਿਕਣ ਕਾਰਨ ਰਹਿੰਦਾ ਸੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ
ਆਰਥਿਕ ਤੰਗੀ ਕਾਰਨ ਕਿਸਾਨ ਨੇ ਲਗਾਇਆ ਮੌਤ ਨੂੰ ਗਲ਼ੇ
ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
-----
ਬਰਨਾਲਾ : ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਜਾਣਕਾਰੀ ਹਾਸਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਮੌਤ ਨੂੰ ਗਲ਼ੇ ਲਗਾ ਲਿਆ। ਮ੍ਰਿਤਕ ਕਿਸਾਨ ਦੀ ਪਛਾਣ ਕੌਰ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਸੱਦੋਵਾਲ ਦਾ ਰਹਿਣ ਵਾਲਾ ਸੀ।
ਇਸ ਮੌਕੇ ਏਐਸਆਈ ਰਛਪਾਲ ਸਿੰਘ ਨੇ ਦੱਸਿਆ ਕਿਸਾਨ ਕੌਰ ਸਿੰਘ 65 ਸਾਲ ਪੁੱਤਰ ਬਹਾਲ ਸਿੰਘ ਵਾਸੀ ਸੱਦੋਵਾਲ ਜੋ ਕਿ ਪਿਛਲੇ ਸਮੇਂ ਤੋਂ ਘਰ ਦੀ 2.3 ਏਕੜ ਜ਼ਮੀਨ ਵਿਕਣ ਕਰਕੇ ਘਰ ਦੀ ਆਰਥਿਕ ਹਾਲਤ ਖਰਾਬ ਹੋ ਚੁੱਕੀ ਸੀ। ਘਰ ਦਾ ਗੁਜ਼ਾਰਾ ਆਪਣੇ ਪੁੱਤਰਾਂ ਸਮੇਤ ਮਿਹਨਤ ਮਜ਼ਦੂਰੀ ਕਰ ਕੇ ਕਰਦਾ ਆ ਰਿਹਾ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਕਿਸਾਨ ਬੁਢਾਪਾ ਪੈਨਸ਼ਨ ਲੈਣ ਲਈ ਨਾਲ ਲਗਦੇ ਕਸਬਾ ਹਠੂਰ ਵਿਖੇ ਗਿਆ ਹੋਇਆ ਸੀ। ਜਿਥੇ ਕਿਸਾਨ ਕੌਰ ਸਿੰਘ ਨੇ ਕਰਜ਼ੇ ਤੇ ਆਰਥਕ ਤੰਗੀ ਕਾਰਨ ਮਾਨਸਿਕ ਪ੍ਰੇਸ਼ਾਨੀ ਨਾ ਝਲਦਿਆਂ ਅਨਾਜ ਮੰਡੀ ਹਠੂਰ ਵਿਖੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ ਹੈ।
ਜਾਣਕਾਰੀ ਮਿਲਣ 'ਤੇ ਕਿਸਾਨ ਦੀ ਪਤਨੀ ਅਮਰਜੀਤ ਕੌਰ ਲੜਕੇ ਜੁਗਿੰਦਰ ਸਿੰਘ ਹਰਬੰਸ ਸਿੰਘ ਵੀ ਪਹੁੰਚ ਕੇ ਦੇਖਿਆ ਤਾਂ ਉਸ ਦੀ ਮੌਤ ਹੋਈ ਪਈ ਸੀ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਵੱਲੋਂ 174 ਦੀ ਕਾਰਵਾਈ ਅਮਲ 'ਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀ ਜਾ ਚੁੱਕੀ ਹੈ। ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਮੁੜ ਵਸੇਬੇ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।