
ਕਿਹਾ- ਛੋਟੀ ਗੱਡੀ ਨਾਲ ਨਹੀਂ ਬਣਦੀ ਟੌਹਰ, ਹੁਣ ਚਾਹੀਦੀ ਵੱਡੀ ਗੱਡੀ
ਫਿਰੋਜ਼ਪੁਰ (ਮਲਕੀਅਤ ਸਿੰਘ) ਸੂਬੇ ਅੰਦਰ ਵਿਆਹੁਤਾ ਔਰਤਾਂ ਨਾਲ ਆਏ ਦਿਨ ਦਾਜ ਮੰਗਣ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਬੇਸ਼ੱਕ ਦੇਸ਼ ਅੰਦਰ ਔਰਤ 'ਤੇ ਹੱਥ ਚੁੱਕਣਾ ਕਨੂੰਨੀ ਅਪਰਾਧ ਮੰਨਿਆ ਗਿਆ ਹੈ ਪਰ ਫਿਰ ਵੀ ਕੁੱਝ ਲੋਕ ਦਾਜ ਮੰਗਣ ਤੇ ਔਰਤ ਨਾਲ ਕੁੱਟਮਾਰ ਕਰਨ ਤੋਂ ਬਾਜ ਨਹੀਂ ਆ ਰਹੇ। ਤਾਜ਼ਾ ਮਾਮਲਾ ਸਾਹਮਣੇ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਵਿਆਹੁਤਾ ਔਰਤ ਨਾਲ ਸਹੁਰਾ ਪਰਿਵਾਰ ਵੱਲੋਂ ਦਾਜ ਮੰਗਣ ਦੇ ਨਾਲ-ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਪੀੜਤ ਔਰਤ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਦੀ ਰਹਿਣ ਵਾਲੀ ਸ਼ੀਨਾ ਕਾਠਪਾਲ ਵੱਲੋਂ ਇਹ ਆਰੋਪ ਲਗਾਏ ਗਏ ਹਨ ਕਿ ਉਸਦਾ ਸਹੁਰਾ ਪਰਿਵਾਰ ਦਾਜ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਦਾ ਹੈ। ਜਾਣਕਾਰੀ ਦਿੰਦਿਆਂ ਪੀੜਤ ਸ਼ੀਨਾ ਕਾਠਪਾਲ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਸਦਾ ਵਿਆਹ ਸੰਦੀਪ ਕਾਠਪਾਲ ਨਾਲ ਹੋਇਆ ਸੀ ਅਤੇ ਉਸਦਾ ਪਤੀ ਕਮਿਸ਼ਨਰ ਆਫਿਸ ਵਿੱਚ ਕਲਰਕ ਲੱਗਿਆ ਹੋਇਆ ਹੈ ਅਤੇ ਉਹ ਖੁਦ ਇੱਕ ਨਿੱਜੀ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਹੈ ਪਰ ਉਸਦਾ ਸਹੁਰਾ ਪਰਿਵਾਰ ਲਗਾਤਾਰ ਦਾਜ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰ ਰਿਹਾ ਹੈ।
ਜਦਕਿ ਉਸਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵਿੱਚ ਕਾਰ ਵੀ ਦਿੱਤੀ ਹੋਈ ਹੈ। ਪੀੜਤ ਸ਼ੀਨਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਰਿਟਾਇਰਮੈਂਟ ਹੋਈ ਹੈ ਅਤੇ ਉਹਨਾਂ ਦੇ ਪੈਸੇ ਨੂੰ ਦੇਖ ਕੇ ਉਸਦਾ ਪਤੀ ਹੁਣ ਆਈ ਟਵੰਟੀ ਕਾਰ ਦੀ ਮੰਗ ਕਰ ਰਿਹਾ ਹੈ। ਜਦੋਂ ਵੀ ਉਸਦੀ ਬੈਂਕ ਵਿਚੋਂ ਤਨਖਾਹ ਆਉਂਦੀ ਹੈ ਤਾਂ ਉਸ ਕੋਲੋਂ ਸਾਰੇ ਪੈਸੇ ਖੋਹ ਲਏ ਜਾਂਦੇ ਹਨ। ਜਦੋਂ ਉਹ ਇਸ ਗੱਲ ਦਾ ਵਿਰੋਧ ਕਰਦੀ ਹੈ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਜਦੋਂ ਉਹ ਆਪਣੇ ਪੇਕਿਆਂ ਨੂੰ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕਰਦੀ ਤਾਂ ਉਸਨੂੰ ਇਹ ਧਮਕੀ ਦਿੱਤੀ ਜਾਂਦੀ ਹੈ ਕਿ ਉਹ ਕਮਿਸ਼ਨਰ ਦਫਤਰ ਵਿੱਚ ਕਲਰਕ ਲੱਗਿਆ ਹੋਇਆ ਹੈ। ਉਸਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਇਸੇ ਤਰ੍ਹਾਂ ਬੀਤੇ ਦਿਨ ਵੀ ਜਦ ਉਸਦੀ ਤਨਖਾਹ ਆਈ ਤਾਂ ਪੈਸੇ ਖੋਹ ਕੇ ਉਸ ਨਾਲ ਜਾਨਵਰਾਂ ਵਾਂਗ ਕੁੱਟਮਾਰ ਕੀਤੀ ਗਈ। ਪੀੜਤ ਸ਼ੀਨਾ ਨੇ ਪੁਲਿਸ ਪ੍ਰਸਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦਾਜ ਦੇ ਲੋਭੀ ਸਹੁਰਾ ਪਰਿਵਾਰ 'ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂਕਿ ਕੱਲ੍ਹ ਨੂੰ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਸਲੂਕ ਨਾ ਹੋਵੇ।
ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਡੀ ਫਤਹਿ ਸਿੰਘ ਬਰਾੜ ਨੇ ਦੱਸਿਆ ਉਨ੍ਹਾਂ ਕੋਲ ਇੱਕ ਸ਼ੀਨਾ ਕਾਠਪਾਲ ਨਾਮਕ ਦੀ ਔਰਤ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨਾਲ ਦਾਜ ਨੂੰ ਲੈ ਕੇ ਕੁੱਟਮਾਰ ਕਰਦਾ ਹੈ। ਜਿਸ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।