ਲਗਭਗ ਦੋ ਸਾਲ ਪਹਿਲਾਂ ਗਿਆ ਸੀ ਅਰਮੀਨੀਆ ਗਿਆ ਸੀ ਕਮਲ ਕੁਮਾਰ (21)
ਸੁਲਤਾਨਪੁਰ ਲੋਧੀ: ਵਿਦੇਸ਼ ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਦਰਦਨਾਕ ਖ਼ਬਰ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਹ ਘਟਨਾ ਪਹਿਲਾਂ ਵਾਪਰ ਚੁੱਕੀ ਸੀ, ਜਦਕਿ ਅੱਜ ਮ੍ਰਿਤਕ ਦੀ ਲਾਸ਼ ਭਾਰਤ ਵਾਪਸ ਪਹੁੰਚੀ, ਜਿਸ ਉਪਰੰਤ ਅੱਜ ਹੀ ਰੀਤੀ-ਰਿਵਾਜ਼ਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ।
ਮ੍ਰਿਤਕ ਦੀ ਕਮਲ ਕੁਮਾਰ (21) ਪੁੱਤਰ ਬਲਵਿੰਦਰ ਸਿੰਘ ਮੁਹੱਲਾ ਪੰਡੋਰੀ, ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ। ਕਮਲ ਕੁਮਾਰ ਅਜੇ ਕੁਆਰਾ ਸੀ ਅਤੇ ਲਗਭਗ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਅਰਮੀਨੀਆ ਗਿਆ ਸੀ, ਜਿੱਥੇ ਉਹ ਇੱਕ ਹੋਟਲ ਵਿੱਚ ਮਿਹਨਤ-ਮਜ਼ਦੂਰੀ ਕਰਦਾ ਸੀ।
ਪਰਿਵਾਰ ਮੁਤਾਬਿਕ 27 ਦਿਸੰਬਰ ਦੀ ਰਾਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਕਮਲ ਕੁਮਾਰ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸਹਾਰਾ ਸੀ। ਉਸ ਦੀ ਮੌਤ ਨਾਲ ਵਿਧਵਾ ਮਾਂ ਤੋਂ ਉਸ ਦਾ ਆਖ਼ਰੀ ਆਸਰਾ ਵੀ ਛਿਨ ਗਿਆ ਅਤੇ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਘਰ ਦੀ ਗਰੀਬੀ ਦੂਰ ਕਰਨ ਅਤੇ ਪਰਿਵਾਰ ਦਾ ਭਵਿੱਖ ਸੁਨਹਿਰਾ ਬਣਾਉਣ ਦੇ ਸੁਪਨੇ ਸਜਾ ਕੇ ਵਿਦੇਸ਼ ਗਿਆ ਨੌਜਵਾਨ ਇਸ ਤਰ੍ਹਾਂ ਅਚਾਨਕ ਦੁਨੀਆ ਛੱਡ ਗਿਆ। ਅੱਜ ਜਿਵੇਂ ਹੀ ਲਾਸ਼ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰ ਲਾਸ਼ ਦੇਖ ਕੇ ਧਾਹਾਂ ਮਾਰ ਕੇ ਰੋ ਪਏ ਅਤੇ ਮਾਹੌਲ ਗਮਗੀਨ ਹੋ ਗਿਆ।
ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਭਾਰਤ ਵਾਪਸ ਮੰਗਵਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਗੁਹਾਰ ਲਗਾਈ ਸੀ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਲਾਸ਼ ਅੱਜ ਭਾਰਤ ਵਾਪਸ ਆ ਸਕੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਅੱਜ ਹੀ ਰੀਤੀ-ਰਿਵਾਜ਼ਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਔਖੀ ਘੜੀ ਵਿੱਚ ਸਹਿਯੋਗ ਕਰਨ ਲਈ ਸੰਤ ਸੀਚੇਵਾਲ ਦਾ ਦਿਲੋਂ ਧੰਨਵਾਦ ਕੀਤਾ। ਇਲਾਕੇ ਵਿੱਚ ਹਰ ਅੱਖ ਨਮ ਹੈ ਅਤੇ ਲੋਕਾਂ ਵੱਲੋਂ ਦੁੱਖੀ ਪਰਿਵਾਰ ਨਾਲ ਡੂੰਘੀ ਸਹਾਨੁਭੂਤੀ ਜਤਾਈ ਜਾ ਰਹੀ ਹੈ।
ਸੁਨਹਿਰੇ ਭਵਿੱਖ ਦੇ ਸੁਪਨੇ, ਤਾਬੂਤਾਂ ਵਿੱਚ ਮੁੜਦੇ ਪੰਜਾਬੀ ਨੌਜਵਾਨ
ਜਿਕਰਯੋਗ ਹੈ ਕਿ ਵਿਦੇਸ਼ਾਂ ਦੀ ਧਰਤੀ ’ਤੇ ਸੁਪਨੇ ਲੈ ਕੇ ਪਹੁੰਚਦੇ ਪੰਜਾਬੀ ਨੌਜਵਾਨਾਂ ਦੀਆਂ ਅੱਖਾਂ ਵਿੱਚ ਚੰਗੇ ਭਵਿੱਖ ਦੀ ਚਮਕ ਹੁੰਦੀ ਹੈ, ਪਰ ਕਿਸਮਤ ਨੂੰ ਕਈ ਵਾਰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ। ਕੋਈ ਘਰ ਦੀ ਗਰੀਬੀ ਮਿਟਾਉਣ ਤੁਰਦਾ ਹੈ, ਕੋਈ ਮਾਂ ਦੀਆਂ ਆਸਾਂ ਪੂਰੀਆਂ ਕਰਨ, ਪਰ ਕਈ ਵਾਰ ਉਹ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ। ਕਾਗਜ਼ਾਂ ਦੀ ਦੌੜ, ਮਿਹਨਤ-ਮਜ਼ਦੂਰੀ ਅਤੇ ਉਮੀਦਾਂ ਦੇ ਭਾਰ ਹੇਠ ਨੌਜਵਾਨ ਵਿਦੇਸ਼ ਤਾਂ ਪਹੁੰਚ ਜਾਂਦੇ ਹਨ, ਪਰ ਵਾਪਸੀ ਕਈ ਵਾਰ ਤਾਬੂਤਾਂ ਵਿੱਚ ਹੁੰਦੀ ਹੈ।
ਕਮਲ ਕੁਮਾਰ ਦੀ ਮੌਤ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਪੰਜਾਬ ਦੇ ਦਰਦ ਦੀ ਤਸਵੀਰ ਹੈ। ਜੋ ਨੌਜਵਾਨ ਆਪਣੀ ਮਾਂ ਦੀ ਵਿਧਵਾਈ ਦਾ ਸਹਾਰਾ ਬਣਨ ਗਿਆ ਸੀ, ਅੱਜ ਉਹੀ ਮਾਂ ਆਪਣੇ ਲਾਲ ਦੀ ਲਾਸ਼ ਨਾਲ ਲਿਪਟ ਕੇ ਰੋ ਰਹੀ ਹੈ। ਜਿਸ ਘਰ ਤੋਂ ਹੌਂਸਲਿਆਂ ਨਾਲ ਵਿਦੇਸ਼ ਜਾਣ ਦੀ ਵਿਦਾਈ ਹੋਈ ਸੀ, ਅੱਜ ਉਸੇ ਘਰ ਵਿੱਚ ਸਿਸਕੀਆਂ, ਚੀਕਾਂ ਅਤੇ ਅੰਤਿਮ ਸਸਕਾਰ ਦੀ ਖਾਮੋਸ਼ੀ ਹੈ।
ਪੰਜਾਬ ਦੇ ਨੌਜਵਾਨ ਅੱਜ ਵੀ ਉਮੀਦਾਂ ਲੈ ਕੇ ਪਰਦੇਸ ਵੱਲ ਰੁਖ ਕਰ ਰਹੇ ਹਨ, ਪਰ ਹਰ ਵਾਰ ਵਾਪਸੀ ਖੁਸ਼ੀ ਨਾਲ ਨਹੀਂ ਹੁੰਦੀ। ਤਾਬੂਤਾਂ ’ਚ ਬੰਦ ਹੋ ਕੇ ਆਉਂਦੇ ਇਹ ਲਾਲ ਪਿੱਛੇ ਰੋਂਦੀਆਂ ਮਾਵਾਂ, ਟੁੱਟੇ ਪਰਿਵਾਰ ਅਤੇ ਅਧੂਰੇ ਸੁਪਨੇ ਛੱਡ ਜਾਂਦੇ ਹਨ। ਇਹ ਦਰਦ ਉਹ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ, ਪਰ ਹਰ ਪੰਜਾਬੀ ਦੇ ਦਿਲ ਵਿੱਚ ਇਹ ਚੁੱਭਦਾ ਰਹਿੰਦਾ ਹੈ।
