
ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਨੇ ਸਰ ਛੋਟੂ ਰਾਮ ਨੂੰ ਕੀਤਾ ਯਾਦ
18 ਫ਼ਰਵਰੀ ਦੇ 'ਰੇਲ ਰੋਕੋ' ਐਕਸ਼ਨ ਦੀ ਸਫ਼ਲਤਾ ਲਈ ਵੀ ਕਿਸਾਨ ਆਗੂਆਂ ਨੇ ਦਿਤਾ ਸੱਦਾ
ਚੰਡੀਗੜ੍ਹ, 16 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਕਿਸਾਨਾਂ ਦੀ ਭਲਾਈ ਲਈ ਬੇਮਿਸਾਲ ਸੰਘਰਸ਼ ਕਰਨ ਅਤੇ ਕਿਸਾਨ ਪੱਖੀ ਕਾਨੂੰਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਿਆਣਾ ਨਾਲ ਸਬੰਧਤ ਕਿਸਾਨ ਪੱਖੀ ਸਿਆਸਤਦਾਨ ਸਰ ਛੋਟੂ ਰਾਮ ਨੂੰ ਅੱਜ ਹਰਿਆਣਾ ਤੇ ਦਿੱਲੀ ਦੀਆਂ ਹੱਦਾਂ 'ਚ ਲੱਗੇ ਕਿਸਾਨ ਮੋਰਚੇ ਵਿਚ ਪ੍ਰੋਗਰਾਮ ਕਰ ਕੇ ਕਿਸਾਨਾਂ ਵਲੋਂ ਯਾਦ ਕੀਤਾ ਗਿਆ | ਉਨ੍ਹਾਂ ਦੀ ਯਾਦ ਵਿਚ ਅੱਜ ਦਾ ਦਿਨ ਮਨਾਉਣ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਦਿਤਾ ਗਿਆ ਸੀ | ਜਿਥੇ ਅੱਜ ਕਿਸਾਨ ਆਗੂਆਂ ਨੇ ਸਰ ਛੋਟੂ ਰਾਮ ਦੇ ਕਿਸਾਨਾਂ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ, ਉਥੇ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤੀ ਤੇ ਦਿ੍ੜਤਾ ਨਾਲ ਫ਼ਤਿਹ ਹਾਸਲ ਕਰਨ ਤੱਕ ਜਾਰੀ ਰੱਖਣ ਦਾ ਸੰਕਲਪ ਵੀ ਲਿਆ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਖੇਤੀ ਕਾਨੂੰਨਾਂ ਵਿਰੁਧ ਅਗਲੇ ਐਕਸ਼ਨ ਪੋ੍ਰਗਰਾਮ ਤਹਿਤ 18 ਫ਼ਰਵਰੀ ਨੂੰ ਦੇਸ਼ ਭਰ ਵਿਚ ਕੀਤੇ ਜਾਣ ਵਾਲੇ ਚੱਕਾ
ਜਾਮ ਦੀ ਸਫ਼ਲਤਾ ਲਈ ਵੀ ਸੱਦਾ ਦਿਤਾ ਗਿਆ |
ਪੰਜਾਬ ਤੇ ਹਰਿਆਣਾ ਵਿਚ ਸਰ ਛੋਟੂ ਰਾਮ ਦੀ ਯਾਦ ਵਿਚ ਹੋਏ ਪ੍ਰੋਗਰਾਮਾਂ ਵਿਚ ਜਿਥੇ ਸੰਘਰਸ਼ਸ਼ੀ ਕਿਸਾਨ ਜਥੇਬੰਦੀਆਂ ਦੇ ਦੂਜੀ ਕਤਾਰ ਦੇ ਆਗੂਆਂ ਨੇ ਸੰਬੋਧਨ ਕੀਤਾ, ਉਥੇ ਦਿੱਲੀ ਦੀਆਂ ਹੱਦਾਂ 'ਤੇ ਹੋਏ ਪ੍ਰੋਗਰਾਮਾਂ ਵਿਚ ਸੰਯੁਕਤ ਮੋਰਚੇ ਦੇ ਪ੍ਰਮੁੱਖ ਨੇਤਾ ਡਾ. ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਜਮਗੋਹਨ ਸਿੰਘ ਪਟਿਆਲਾ, ਕੰਵਲਪ੍ਰੀਤ ਸਿੰਘ ਪੰਨੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ |