
ਪਟਰੌਲ, ਡੀਜ਼ਲ 'ਤੇ ਸਾਢੇ ਛੇ ਸਾਲ ਦੌਰਾਨ ਐਕਸਾਈਜ਼ ਡਿਊਟੀ 'ਚ ਕੀਤਾ ਵਾਧਾ ਵਾਪਸ ਲਵੇ ਸਰਕਾਰ: ਕਾਂਗਰਸ
ਕਿਹਾ, ਭਾਵਨਾਤਮਕ ਮੁੱਦੇ ਪੈਦਾ ਕਰਦੀ ਹੈ ਕੇਂਦਰ ਸਰਕਾਰ ਤਾਂ ਜੋ ਕੀਮਤਾਂ ਵਲ ਨਾ ਜਾਵੇ ਲੋਕਾਂ ਦਾ ਧਿਆਨ
ਨਵੀਂ ਦਿੱਲੀ, 16 ਫ਼ਰਵਰੀ : ਕਾਂਗਰਸ ਨੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਮੰਗਲਵਾਰ ਨੂੰ ਸਰਕਾਰ ਉੱਤੇ ਦੇਸ਼ ਦੇ ਲੋਕਾਂ ਤੋਂ 20 ਲੱਖ ਕਰੋੜ ਰੁਪਏ ਵਸੂਲ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਿਛਲੇ ਸਾਢੇ ਸਾਲਾਂ ਦੌਰਾਨ ਪਟਰੌਲੀਅਮ ਪਦਾਰਥਾਂ 'ਤੇ ਐਕਸਾਈਜ਼ ਡਿਊਟੀ ਵਿਚ ਕੀਤਾ ਗਏ ਵਾਧੇ ਨੂੰ ਵਾਪਸ ਲਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |
ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਜੇਕਰ ਸਰਕਾਰ ਮੋਦੀ ਟੈਕਸ ਵਾਂਗ ਵਾਧੂ ਐਕਸਾਈਜ਼ ਡਿਊਟੀ ਵਾਪਸ ਲੈਂਦੀ ਹੈ ਤਾਂ ਦਿੱਲੀ ਵਿਚ ਪਟਰੌਲ ਦੀ ਕੀਮਤ ਘਟ ਕੇ 61.92 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 47.51 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ | ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਦੇ ਤੁਲਨਾਤਮਕ ਅੰਕੜੇ ਪੇਸ਼ ਕਰਦਿਆਂ, ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਲਗਾਤਾਰ ਭਾਵਨਾਤਮਕ ਮੁੱਦੇ ਪੈਦਾ ਕਰਦੀ ਹੈ ਤਾਂ ਜੋ ਲੋਕਾਂ ਦਾ ਧਿਆਨ ਪਟਰੌਲ-ਡੀਜ਼ਲ ਅਤੇ ਐਲਪੀਜੀ ਦੀਆਂ ਵਧੀਆਂ ਕੀਮਤਾਂ ਵਲ ਨਾ ਜਾਵੇ |
ਖੇੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਸਰਕਾਰ ਨੇ ਪਟਰੌਲ ਅਤੇ ਡੀਜ਼ਲ 'ਤੇ ਵਾਧੂ ਐਕਸਾਈਜ਼ ਡਿਊਟੀ ਲਗਾ ਕੇ 20 ਲੱਖ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ | ਜਦੋਂ ਯੂ ਪੀ ਏ ਨੇ 2014 ਦੀਆਂ ਚੋਣਾਂ ਹਾਰੀਆਂ ਸਨ, ਤਾਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 108 ਡਾਲਰ ਪ੍ਰਤੀ ਬੈਰਲ ਸੀ, ਜਦਕਿ ਦਿੱਲੀ ਵਿਚ ਪਟਰੌਲ 71.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 57.28 ਰੁਪਏ ਪ੍ਰਤੀ ਲੀਟਰ ਵਿਕਿਆ ਸੀ |
ਉਨ੍ਹਾਂ ਅਨੁਸਾਰ ਫ਼ਰਵਰੀ 2021 ਵਿਚ ਕੱਚੇ ਤੇਲ ਦੀ ਕੀਮਤ 54 ਡਾਲਰ ਪ੍ਰਤੀ ਬੈਰਲ ਹੈ, ਜਦਕਿ ਦਿੱਲੀ ਵਿਚ ਪਟਰੌਲ 89 ਰੁਪਏ ਅਤੇ ਡੀਜ਼ਲ 80 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ | (ਪੀਟੀਆਈ)
-----