
ਟੂਲਕਿਟ ਮਾਮਲਾ: ਦਿਸ਼ਾ ਦੀ ਗਿ੍ਫ਼ਤਾਰੀ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਭੇਜਿਆ ਨੋਟਿਸ
ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਸ਼ੁਕਰਵਾਰ ਤਕ ਮੰਗੀ ਗਈ ਜਾਣਕਾਰੀ ਦੇਣ ਲਈ ਕਿਹਾ
.
ਨਵੀਂ ਦਿੱਲੀ, 16 ਫ਼ਰਵਰੀ : ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਭੇਜ ਕੇ ਟੂਲਕਿਟ ਮਾਮਲੇ ਵਿਚ ਗਿ੍ਫ਼ਤਾਰ 21 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਕਥਿਤ ਤੌਰ ਉੱਤੇ ਉਨ੍ਹਾਂ ਦੀ ਪਸੰਦ ਦੀ ਵਕੀਲ ਮੁਹਈਆ ਨਾ ਕਰਵਾਉਣ ਉੱਤੇ ਰੀਪੋਰਟ ਤਲਬ ਕੀਤੀ ਹੈ |
ਮੀਡੀਆ ਰੀਪੋਰਟਾਂ ਦਾ ਨੋਟਿਸ ਲੈਂਦਿਆਂ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਯੂ) ਨੇ ਮੰਗਲਵਾਰ ਨੂੰ ਇਕ ਨੋਟਿਸ ਜਾਰੀ ਕੀਤਾ | ਰੀਪੋਰਟਾਂ ਅਨੁਸਾਰ, ਜਦੋਂ ਰਵੀ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸ ਦੀ ਪਸੰਦ ਦਾ ਵਕੀਲ ਮੌਜੂਦ ਨਹੀਂ ਸੀ |
ਰਵੀ ਨੂੰ ਸਨਿਚਰਵਾਰ ਨੂੰ ਬੰਗਲੁਰੂ ਤੋਂ ਦਿੱਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ | ਉਸ 'ਤੇ ਦੋਸ਼ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਵਿਚ ਉਨ੍ਹਾਂ ਨੇ 'ਟੂਲਕਿਟ' ਬਣਾਇਆ ਅਤੇ ਸਾਂਝਾ ਕੀਤਾ ਸੀ | ਦਿੱਲੀ ਪੁਲਿਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਰਵੀ ਨੇ ਮੁੰਬਈ ਦੇ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂ ਮੁਲਕ ਦੇ ਨਾਲ ਮਿਲ ਕੇ ਭਾਰਤ ਦੇ ਅਕਸ ਨੂੰ ਵਿਗਾੜਨ ਅਤੇ ਦੂਸਰਿਆਂ ਨਾਲ ਸਾਂਝਾ ਕਰਨ ਲਈ ਇਕ ਟੂਲਕਿਟ ਬਣਾਈ ਹੈ |
ਪੁਲਿਸ ਦਾ ਦਾਅਵਾ ਹੈ ਕਿ ਰਵੀ ਨੇ ਇਹ ਟੂਲਕਿਟ ਟੈਲੀਗ੍ਰਾਮ ਰਾਹੀਂ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੂੰ ਭੇਜੀ ਸੀ ਅਤੇ ਕਥਿਤ ਜੁਰਮ ਵਿਚ ਸਾਥ ਵੀ ਦਿਤਾ | ਯਾਕੂਬ ਅਤੇ ਮੁਲਕ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ ਅਤੇ ਦੋਵੇਂ ਫ਼ਰਾਰ ਹਨ |
ਮੀਡੀਆ ਰੀਪੋਰਟਾਂ ਦਾ ਹਵਾਲਾ ਦਿੰਦੇ ਹੋਏ ਡੀਸੀਡਬਲਯੂ ਨੇ ਕਿਹਾ ਕਿ ਰਵੀ ਨੂੰ ਬੰਗਲੁਰੂ ਤੋਂ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ ਅਤੇ ਉਹ ਦਿੱਲੀ ਲਿਆਂਦਾ ਗਿਆ ਸੀ ਪਰ ਜਾਣਕਾਰੀ ਉਸ ਦੇ ਮਾਪਿਆਂ ਨੂੰ ਨਹੀਂ ਦਿਤੀ ਗਈ |
ਕਮਿਸ਼ਨ ਨੇ ਕਿਹਾ ਕਿ ਇਹ ਵੀ ਦੋਸ਼ ਹੈ ਕਿ ਪੁਲਿਸ ਨੇ ਦਿੱਲੀ ਲਿਆਉਣ ਤੋਂ ਪਹਿਲਾਂ ਰਵੀ ਨੂੰ ਬੰਗਲੁਰੂ ਦੀ ਇਕ ਅਦਾਲਤ ਵਿਚ ਟਰਾਂਜ਼ਿਟ ਰੀਮਾਂਡ ਲਈ ਪੇਸ਼ ਨਹੀਂ ਕੀਤਾ | ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਇਸ ਕੇਸ ਵਿਚ ਦਰਜ ਐਫ਼ਆਈਆਰ ਦੀ ਇਕ ਕਾਪੀ ਦੇਣ ਦੇ ਨਾਲ-ਨਾਲ ਸਥਾਨਕ ਅਦਾਲਤ ਵਿਚ ਟਰਾਂਜ਼ਿਟ ਰੀਮਾਂਡ ਲਈ ਕਥਿਤ ਤੌਰ 'ਤੇ ਪੇਸ਼ ਨਾ ਹੋਣ ਦੇ ਕਾਰਨ, ਇਥੇ ਅਦਾਲਤ ਵਿਚ ਪੇਸ਼ ਹੋਣ ਦੌਰਾਨ ਅਪਣੀ ਪਸੰਦ ਦਾ ਵਕੀਲ ਮੁਹਈਆ ਨਾ ਕਰਨ ਦੇ ਕਾਰਨ ਵੀ ਮੰਗੇ ਹਨ | ਕਮਿਸ਼ਨ ਨੇ ਐਕਸ਼ਨ ਰੀਪੋਰਟ ਵੀ ਮੰਗੀ ਹੈ | ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਸ਼ੁਕਰਵਾਰ ਤਕ ਮੰਗੀ ਗਈ ਜਾਣਕਾਰੀ ਦੇਣ ਲਈ ਕਿਹਾ ਹੈ | (ਪੀਟੀਆਈ)
-----image