
Patiala News : ਦੋਵਾਂ ਵਿਰੁਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
Patiala Police arrests two youths deported from America Latest News in Punjabi : ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਦੋ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਵਿਰੁਧ 2023 ਵਿਚ ਕਤਲ ਦੀਆਂ ਧਾਰਾਵਾਂ ਤਹਿਤ ਐਫ਼.ਆਈ.ਆਰ ਦਰਜ ਕੀਤੀ ਗਈ ਸੀ।
ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਟਿਆਲਾ ਦੇ ਰਾਜਪੁਰਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਦੋਵਾਂ ਵਿਰੁਧ 2023 ਵਿਚ ਰਾਜਪੁਰਾ ਵਿਚ ਸਰਵਣ ਸਿੰਘ ਦੇ ਕਤਲ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ ਸਨ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦੇ ਨਾਮ ਸੰਦੀਪ ਅਤੇ ਪ੍ਰਦੀਪ ਹਨ। ਇਹ ਦੋਵੇਂ ਚਚੇਰੇ ਭਾਈ ਹਨ। ਫ਼ਿਲਹਾਲ ਗ੍ਰਿਫ਼ਤਾਰੀ ਤੋਂ ਬਾਅਦ ਪਟਿਆਲਾ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਕਿੱਲੇ ਜ਼ਮੀਨ ਵੇਚ ਕੇ ਏਜੰਟ ਨੂੰ 1.20 ਕਰੋੜ ਰੁਪਏ ਦਿਤੇ ਸਨ। ਉਨ੍ਹਾਂ ਨਾਲ ਧੋਖਾ ਹੋਇਆ ਹੈ। ਇਸ ਦੇ ਨਾਲ ਹੀ, ਫ਼ਰੀਦਕੋਟ ਵਿਚ ਦਰਜ ਤਿੰਨ ਡਕੈਤੀ ਮਾਮਲਿਆਂ ਵਿਚ ਮੁਲਜ਼ਮ ਲੁਧਿਆਣਾ ਨਿਵਾਸੀ ਗੁਰਵਿੰਦਰ ਸਿੰਘ ਨੂੰ ਪੁਲਿਸ ਨੇ ਹਵਾਈ ਅੱਡੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਮੂਹ ਵਿਚ, ਕੁਰੂਕਸ਼ੇਤਰ, ਹਰਿਆਣਾ ਦੇ ਪਿਹੋਵਾ ਦਾ ਸਾਹਿਲ ਵਰਮਾ ਵੀ ਵਾਪਸ ਪਰਤਿਆ ਸੀ, ਜੋ ਕਿ ਪੋਕਸੋ ਅਤੇ ਹੋਰ ਮਾਮਲਿਆਂ ਵਿਚ ਮੁਲਜ਼ਮ ਸੀ। 14 ਮਈ ਨੂੰ ਉਸ ਦੇ ਵਿਰੁਧ, 2022 ਵਿਚ ਦਰਜ ਮਾਮਲੇ ਵਿਚ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ 119 ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਜਹਾਜ਼ ਸਨਿਚਰਵਾਰ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਇਨ੍ਹਾਂ ਵਿਚੋਂ 67 ਪੰਜਾਬ ਤੋਂ ਸਨ ਅਤੇ 30 ਤੋਂ ਵੱਧ ਹਰਿਆਣਾ ਤੋਂ ਸਨ। ਹੋਰ ਗੁਜਰਾਤ, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਤੋਂ ਸਨ। ਇਹ ਭਾਰਤੀਆਂ ਦਾ ਦੂਜਾ ਜੱਥਾ ਹੈ ਜੋ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖ਼ਲ ਹੋਏ ਸਨ ਅਤੇ ਟਰੰਪ ਪ੍ਰਸ਼ਾਸਨ ਦੁਆਰਾ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿਤਾ ਗਿਆ ਹੈ।