
ਜਸ਼ਨਪ੍ਰੀਤ ਦੇ ਵਾਪਸ ਆਉਣ ’ਤੇ ਉਸ ਦੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਨੇ ਭਰੇ ਮਨ ਨਾਲ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ
Punjab News: ਅਮਰੀਕਾ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਹਲਕਾ ਭੁਲੱਥ ਦੇ ਵੱਖ ਵੱਖ ਪਿੰਡਾਂ ਦੇ 7 ਨੌਜਵਾਨਾਂ ਵਿੱਚੋਂ ਪਿੰਡ ਪੰਡੋਰੀ ਰਾਜਪੂਤਾਂ ਦਾ ਨੌਜਵਾਨ ਜਸ਼ਨਪ੍ਰੀਤ ਸਿੰਘ ਵੀ ਸੀ ਜੋ ਕਿ ਸੁਨਹਿਰੇ ਭਵਿੱਖ ਦੀ ਆਸ ਲਗਾ ਕੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਵੀ ਅਮਰੀਕਾ ਵੱਲੋਂ ਡਿਪੋਰਟ ਕਰਨ ’ਤੇ ਖ਼ਾਲੀ ਹੱਥ ਆਪਣੇ ਪਿੰਡ ਵਾਪਸ ਪਰਤ ਆਇਆ।
ਇਸ ਮੌਕੇ ’ਤੇ ਉਸ ਨੇ ਗੱਲਬਾਤ ਕਰਦੇ ਹੋਏ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਵਾਸਤੇ ਪਿਛਲੇ ਸਾਲ ਉਹ ਯੂਰਪ ਗਿਆ ਸੀ ਪਰ ਉੱਥੇ ਕੰਮ ਨਾ ਮਿਲਿਆ ਇਸ ਕਰ ਕੇ ਉਹ ਯੂਰਪ ਤੋਂ ਅਮਰੀਕਾ ਲਈ ਚਲਾ ਗਿਆ। ਇਸ ਸਾਲ ਜਨਵਰੀ ਮਹੀਨੇ ਅਮਰੀਕਾ ਪਹੁੰਚਿਆ ਸੀ ਜਿੱਥੇ ਉਸ ਨੂੰ ਡਿਟੈਕਸ਼ਨ ਸੈਂਟਰ ਵਿੱਚ ਰੱਖਿਆ ਗਿਆ।
ਡਿਟੈਕਸ਼ਨ ਸੈਂਟਰ ਵਿੱਚ ਕਰੀਬ 20 ਦਿਨ ਰੱਖਣ ਤੋਂ ਬਾਅਦ ਡਿਪੋਰਟ ਕਰ ਕੇ ਉਸ ਨੂੰ ਭੇਜ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਦੋਂ ਡਿਪੋਰਟ ਕਰ ਕੇ ਭੇਜਿਆ ਗਿਆ ਤਾਂ ਡਿਟੈਕਸ਼ਨ ਸੈਂਟਰ ਤੋਂ ਹੀ ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਦਿੱਤੀਆਂ ਗਈਆਂ ਸਨ ਅਤੇ ਜਹਾਜ਼ ਵਿੱਚ ਵੀ ਇਸੇ ਤਰ੍ਹਾਂ ਹੀ ਬਿਠਾ ਕੇ ਲਿਆਂਦਾ ਗਿਆ।
ਰਸਤੇ ਵਿੱਚ ਦੋ ਜਗ੍ਹਾ ਜਹਾਜ ਵੀ ਰੁਕਿਆ ਪ੍ਰੰਤੂ ਉਹਨਾਂ ਨੂੰ ਇਸੇ ਹਾਲਤ ਵਿੱਚ ਜਹਾਜ ਵਿੱਚ ਬਿਠਾਈ ਰੱਖਿਆ ਗਿਆ ਅਤੇ ਜਹਾਜ ਦੇ ਅੰਮ੍ਰਿਤਸਰ ਉਤਰਨ ਤੋਂ ਪਹਿਲਾਂ ਹੀ ਉਹਨਾਂ ਦੇ ਹੱਥਾਂ ਵਿੱਚੋਂ ਹਥਕੜੀਆਂ ਉਤਾਰਈਆਂ ਗਈਆਂ। ਉਸ ਨੇ ਦੱਸਿਆ ਕਿ ਉਹਨਾਂ ਦਾ ਤਕਰੀਬਨ 40 ਲੱਖ ਰੁਪਏ ਖ਼ਰਚਾ ਆ ਗਿਆ ਪ੍ਰੰਤੂ ਉਹਨਾਂ ਨੂੰ ਬਿਨਾਂ ਕੁਝ ਹੱਥ ਪੱਲੇ ਪਏ ਹੀ ਡਿਪੋਰਟ ਕਰ ਕੇ ਵਾਪਸ ਉਹਨਾਂ ਦੇ ਘਰ ਭੇਜ ਦਿੱਤਾ ਗਿਆ।
ਜਸ਼ਨਪ੍ਰੀਤ ਦੇ ਵਾਪਸ ਆਉਣ ’ਤੇ ਉਸ ਦੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਨੇ ਭਰੇ ਮਨ ਨਾਲ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ’ਤੇ ਉਨਾਂ ਦੇ ਨਾਲ ਪਿੰਡ ਦੇ ਸਰਪੰਚ ਬਿਕਰ ਸਿੰਘ, ਹੋਰ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਹਾਜ਼ਰ ਸਨ।