
ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੀ
g ਬਾਕੀ ਮੰਤਰੀ ਕੁੱਝ ਦਿਨਾਂ ਤਕ ਚੰਡੀਗੜ੍ਹ 'ਚ ਚੁਕਣਗੇ ਸਹੁੰ g ਭਗਵੰਤ ਮਾਨ ਨੇ ਖੇਤੀ, ਸਿਖਿਆ, ਸਿਹਤ ਸੇਵਾਵਾਂ 'ਚ ਬਦਲਾਅ ਲਿਆਉਣ 'ਤੇ ਦਿਤਾ ਜ਼ੋਰ
ਨਵਾਂਸ਼ਹਿਰ (ਖਟਕੜ ਕਲਾਂ), 16 ਮਾਰਚ (ਜੀ.ਸੀ.ਭਾਰਦਵਾਜ): ਵਿਧਾਨ ਸਭਾ ਚੋਣਾਂ ਵਿਚ ਤਿੰਨ ਚੁਥਾਈ ਬਹੁਮਤ ਹਾਸਲ ਕਰਨ ਵਾਲੀ ਪਾਰਟੀ 'ਆਪ' ਦੇ ਨੇਤਾ ਭਗਵੰਤ ਮਾਨ ਨੇ ਅੱਜ ਬਾਅਦ ਦੁਪਹਿਰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਇਕ ਵੱਡੇ ਸਮਾਗਮ ਅਤੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਵਜੋਂ ਹਲਫ਼ ਲਿਆ |
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਦੇਸ਼ ਦੇ ਸੰਵਿਧਾਨ, ਦੇਸ਼ ਦੀ ਅਖੰਡਤਾ ਅਤੇ ਸਰਕਾਰੀ ਭੇਦ ਗੁਪਤ ਰਖਣ ਦੀ ਸਹੁੰ ਚੁਕਾਈ | ਪੰਜਾਬੀ ਵਿਚ ਸਹੁੰ ਚੁਕਣ ਉਪਰੰਤ ਅਤੇ ਰਾਜਪਾਲ ਤੇ ਪੰਜਾਬ ਦੇ ਮੁੱਖ ਸਕੱਤਰ ਦੇ ਸਟੇਜ ਤੋਂ ਜਾਣ ਮਗਰੋਂ ਭਗਵੰਤ ਮਾਨ ਨੇ 9 ਮਿੰਟ ਪੰਜਾਬੀ ਵਿਚ ਭਾਸ਼ਣ ਦਿਤਾ ਅਤੇ ਖੇਤੀ, ਸਿਖਿਆ, ਸਿਹਤ ਸੇਵਾਵਾਂ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸੇ ਮੁਲਕ ਵਿਚ ਰੁਜ਼ਗਾਰ ਮੁਹਈਆ ਕਰਵਾਉਣ ਲਈ ਜ਼ੋਰਦਾਰ ਉਪਰਾਲੇ ਕਰਨ ਦਾ ਵਾਅਦਾ ਕੀਤਾ ਅਤੇ ਅੱਜ ਤੋਂ ਹੀ ਇਸ ਪਾਸੇ ਵਲ ਜੁਟਣ ਦਾ ਤਹਈਆ ਕੀਤਾ | ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਇਸ਼ਾਰਾ ਕੀਤਾ ਕਿ ਬਾਕੀ ਮੰਤਰੀ ਮੰਡਲ ਬਣਾਉਣ ਨੂੰ ਕੁੱਝ ਦਿਨ ਹੋਰ ਲੱਗ ਸਕਦੇ ਹਨ |
ਭਗਵੰਤ ਮਾਨ ਨੇ ਅਪਣੇ ਵਰਕਰਾਂ, ਵਿਧਾਇਕਾਂ ਅਤੇ ਹੋਰ ਨੇਤਾਵਾਂ ਨੂੰ ਸਲਾਹ ਦਿਤੀ ਕਿ ਪਾਰਟੀ ਦੀ ਇਸ ਵੱਡੀ ਜਿੱਤ 'ਤੇ ਹੰਕਾਰ ਨਹੀਂ ਕਰਨਾ, ਪੰਜਾਬ ਦੀ ਮਿੱਟੀ ਨੂੰ ਮਾਤਾ ਦਾ ਦਰਜਾ ਦੇਣਾ ਹੈ ਅਤੇ ਲੋਕਾਂ ਤੇ ਖ਼ਾਸ ਕਰ ਕੇ ਵੋਟਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਬਿਨਾਂ ਕਿਸੇ ਲਾਲਸਾ ਦੇ 'ਆਪ' ਨੂੰ ਵੋਟ ਪਾਈ ਸੀ | ਵਾਹਿਗੁਰੂ ਅਤੇ ਆਮ ਲੋਕਾਂ ਦਾ ਧਨਵਾਦ ਕਰਦੇ ਹੋਏ ਉਨ੍ਹਾਂ 'ਆਪ' ਵਰਕਰਾਂ ਨੂੰ ਕਿਹਾ ਕਿ ਮੁੱਖ
ਮੰਤਰੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ ਲੋਕਾਂ ਦਾ ਹਮੇਸ਼ਾ ਸਤਿਕਾਰ ਕਰਦੇ ਰਹਿਣਗੇ ਤੇ ਉਨ੍ਹਾਂ ਦੀਆਂ ਇੱਛਾਵਾਂ 'ਤੇ ਖਰਾ ਉਤਰਨਗੇ | ਨਵੇਂ ਬਣੇ ਮੁੱਖ ਮੰਤਰੀ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਪੜ੍ਹੇ ਲਿਖੇ ਪੰਜਾਬੀ ਨੌਜਵਾਨਾਂ, ਲੜਕੇ ਲੜਕੀਆਂ ਨੂੰ ਵਿਦੇਸ਼ਾਂ ਵਿਚ ਜਾਣ ਤੋਂ ਰੋਕਣ ਲਈ ਪੰਜਾਬ 'ਚ ਹੀ ਵਧੀਆ ਪੜ੍ਹਾਈ, ਟ੍ਰੇਨਿੰਗ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਉਨ੍ਹਾਂ ਦਾ ਮੁੱਖ ਮੰਤਵ ਹੋਵੇਗਾ | ਦਿੱਲੀ ਦੇ ਹਸਪਤਾਲਾਂ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ੀ, ਰਾਸ਼ਟਰੀ ਰਾਜਧਾਨੀ ਵਿਚ ਹਸਪਤਾਲਾਂ 'ਚ ਵਧੀਆ ਸਿਹਤ ਮੈਡੀਕਲ ਸੇਵਾਵਾਂ ਦੀ ਤਾਰੀਫ਼ ਕਰਦੇ ਹਨ ਅਤੇ ਇਹੀ ਵਧੀਆ ਸਿਸਟਮ ਪੰਜਾਬ ਵਿਚ ਵੀ ਸ਼ੁਰੂ ਕਰਨਾ ਹੈ |
ਅਪਣੇ ਛੋਟੇ ਜਿਹੇ ਅਤੇ ਠੇਠ ਪੰਜਾਬੀ ਵਿਚ ਦਿਤੇ ਭਾਸ਼ਣ ਵਿਚ ਉਨ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਨਵਾਂਸ਼ਹਿਰ ਤੇ ਬਾਹਰਲੇ ਹਲਕਿਆਂ ਤੋਂ ਆਏ ਲੋਕਾਂ ਦਾ ਸਮੁੱਚੇ ਰੂਪ ਵਿਚ ਧਨਵਾਦ ਕੀਤਾ ਅਤੇ ਵਿਸ਼ੇਸ਼ ਕਰ ਉਨ੍ਹਾਂ ਵੋਟਰਾਂ ਦਾ ਜਿਨ੍ਹਾਂ 'ਆਪ' ਨੂੰ ਵੋਟ ਨਹੀਂ ਪਾਈ | ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਜ਼ਿਲ੍ਹੇ ਦੀਆਂ 3 ਵਿਧਾਨ ਸਭਾ ਸੀਟਾਂ-ਬੰਗਾ, ਨਵਾਂਸ਼ਹਿਰ ਤੇ ਬਲਾਚੌਰ ਤੋਂ ਕੇਵਲ ਇਕ (ਬਲਾਚੌਰ) 'ਚ 'ਆਪ' ਦੀ ਮਹਿਲਾ ਵਿਧਾਇਕ ਸੰਤੋਸ਼ ਚੌਧਰੀ ਹੀ ਕਾਮਯਾਬ ਰਹੀ | ਬੰਗਾ ਹਲਕੇ ਡਾ. ਸੁਖਵਿੰਦਰ ਸੁੱਖੀ, ਸ਼ੋ੍ਰਮਣੀ ਅਕਾਲੀ ਦਲ ਅਤੇ ਨਵਾਂਸ਼ਹਿਰ ਤੋਂ ਡਾ. ਨਛੱਤਰ ਪਾਲ ਬਹੁਜਨ ਸਮਾਜ ਪਾਰਟੀ ਦੇ ਸਫ਼ਲ ਰਹੇ ਹਨ |
ਅੱਜ ਦੇ ਸੰਖੇਪ ਪਰ ਬਹੁਤ ਵੱਡੇ ਇਲਾਕੇ ਵਿਚ ਕੀਤੇ ਸਮਾਗਮ ਵਿਚ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ 6 ਮੰਤਰੀ ਸਾਥੀ ਅਤੇ ਪਾਰਟੀ ਦੇ ਪੰਜਾਬ ਲਈ ਸਹਿ ਇੰਚਾਰਜ ਰਾਘਵ ਚੱਢਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸੱਭ ਨੇ ਬਸੰਤੀ ਰੰਗ ਦੀਆਂ ਲੜ ਛੱਡ ਕੇ ਪੱਗਾਂ ਬੰਨ੍ਹੀਆਂ ਹਈਆਂ ਸਨ | ਇਹ ਸਾਰੇ ਵੱਡੀ ਸਟੇਜ ਦੇ ਖੱਬੇ ਪਾਸੇ ਲਾਈਆਂ ਕੁਰਸੀਆਂ 'ਤੇ ਬਿਰਾਜਮਾਨ ਸਨ | ਅਰਵਿੰਦ ਕੇਜਰੀਵਾਲ ਨੇ ਕੋਈ ਭਾਸ਼ਣ ਨਹੀਂ ਦਿਤਾ | ਸਟੇਜ ਦੇ ਸੱਜੇ ਪਾਸੇ ਬਸੰਤੀ ਪੱਗਾਂ ਅਤੇ ਦੁਪੱਟੇ ਲਈ 'ਆਪ' ਦੇ 91 ਵਿਧਾਇਕ ਹਾਜ਼ਰ ਸਨ | ਉਚੀ ਸਟੇਜ ਤੋਂ ਹੇਠਾਂ ਸਾਹਮਣੇ ਪਹਿਲੀ ਕਤਾਰ ਵਿਚ ਭਗਵੰਤ ਮਾਨ ਦੀ ਭੈਣ ਉਨ੍ਹਾਂ ਦੇ ਪਤੀ ਅਤੇ ਭਗਵੰਤ ਮਾਨ ਦੇ ਬੇਟੇ ਦਿਲਸ਼ਾਨ ਅਤੇ ਬੇਟੀ ਸੀਰਤ ਪੀਲੀ ਪੁਸ਼ਾਕ ਵਿਚ ਨਜ਼ਰ ਆਏ | ਬੇਟਾ ਤੇ ਬੇਟੀ ਵਿਦੇਸ਼ ਰਹਿੰਦੇ ਹਨ ਅਤੇ ਉਚੇਚੇ ਤੌਰ 'ਤੇ ਅਪਣੇ ਪਿਤਾ ਦੇ ਮੁੱਖ ਮੰਤਰੀ ਸਹੁੰ ਚੁਕ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ |
ਅੱਜ ਦਾ ਇਹ ਵਿਸ਼ੇਸ਼ ਸਮਾਗਮ ਲਈ ਦੁਪਹਿਰ 12.30 ਵਜੇ ਦੇ ਸਮੇਂ ਦੇ ਕਾਰਡ ਯਾਨੀ ਸੱਦਾ ਪੱਤਰ ਦਿਤੇ ਸਨ ਪਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਵੇਂ ਇਕੋ ਹੈਲੀਕਾਪਟਰ ਵਿਚ ਖਟਕੜ ਕਲਾਂ ਦੇਰੀ ਨਾਲ ਪਹੁੰਚਣ ਕਰ ਕੇ ਕਰੀਬ ਇਕ ਘੰਟਾ ਲੇਟ ਇਹ ਸਹੁੰ ਚੁਕ ਸਮਾਗਮ ਸ਼ੁਰੂ ਕੀਤਾ ਗਿਆ |
ਸਹੁੰ ਚੁਕਣ ਮਗਰੋਂ ਅਤੇ ਅਪਣਾ ਭਾਸ਼ਣ ਦੇਣ ਉਪਰੰਤ ਭਗਵੰਤ ਮਾਨ ਨੇ 'ਇਨਕਲਾਬ ਜ਼ਿੰਦਾਬਾਦ' ਦੇ ਨਾਹਰੇ ਅਤੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਤੇ 'ਵਾਹਿਗੁਰੂ ਜੀ ਕਾ ਖ਼ਾਲਸਾ' ਦੇ ਜੈਕਾਰੇ ਲਾਏ | ਸਮਾਗਮ ਦੇ ਪੰਡਾਲ ਅੰਦਰ ਤੇ ਬਾਹਰ ਵੱਡੇ ਵੱਡੇ ਬੋਰਡ ਲੱਗੇ ਸਨ ਜਿਨ੍ਹਾਂ 'ਤੇ ਲਿਖਿਆ ਸੀ 'ਇਨਕਲਾਬ ਜ਼ਿੰਦਾਬਾਦ, ਪੰਜਾਬੀਅਤ ਦੀ ਸ਼ਾਨ, ਸਾਡਾ ਸੀ.ਐਮ. ਭਗਵੰਤ ਮਾਨ |'