
ਵੱਖ-ਵੱਖ ਜਮਹੂਰੀ ਜਥੇਬੰਦੀਆਂ ਵਲੋਂ ਹਮਾਇਤ ਦਾ ਐਲਾਨ
ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਠੱਕਰਪੁਰਾ ਦੇ ਸਰਪੰਚ ਦਿਲਬਾਗ ਸਿੰਘ ਕੋਲੋਂ ਤਿੰਨ ਕਿਲੋ ਅਫ਼ੀਮ ਬਰਾਬਦ ਕਰ ਕੇ ਉਸ ਵਿਰੁਧ ਥਾਣਾ ਚੋਹਲਾ ਸਾਹਿਬ ਵਿਖੇ ਦਰਜ ਕੀਤਾ ਮਾਮਲਾ ਉਸ ਵੇਲੇ ਹੋਰ ਤੂਲ ਫੜ ਗਿਆ ਜਦੋਂ ਇਸ ਕੇਸ ਵਿਚ ਨਾਮਜਦ ਸਰਪੰਚ ਦਿਲਬਾਗ ਸਿੰਘ ਦੀ ਪਤਨੀ, ਦੋ ਪੁੱਤਰਾਂ, ਹੋਰ ਪਰਵਾਰਕ ਮੈਂਬਰਾਂ ਅਤੇ ਜਮਹੂਰੀ ਕਿਸ਼ਾਨ ਸਭਾ ਸਮੇਤ ਵੱਖ-ਵੱਖ ਜਥੇਬੰਦੀ ਦੇ ਆਗੂਆਂ ਵਲੋਂ ਸਰਪੰਚ ਦਿਲਬਾਗ ਸਿੰਘ ਵਿਰੁਧ ਦਰਜ ਕੀਤੇ ਗਏ ਇਸ ਕੇਸ ਨੂੰ ਮਨਘੜਤ ਕਰਾਰ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਬਾਹਰ ਭੁੱਖ ਹੜਤਾਲ ਰੱਖਦੇ ਹੋਏ ਅਣਮਿੱਥੇ ਸਮੇ ਲਈ ਧਰਨਾ ਲਗਾ ਦਿਤਾ ਗਿਆ ਹੈ।ਧਰਨੇ ਵਿਚ ਸ਼ਾਮਲ ਸਰਪੰਚ ਦਿਲਬਾਗ ਸਿੰਘ ਦੀ ਪਤਨੀ ਨੇ ਦਸਿਆ ਕਿ ਮਿਤੀ 5 ਅਪ੍ਰੈਲ ਨੂੰ ਚੋਹਲਾ ਸਾਹਿਬ ਦੇ ਪੁਲਿਸ ਮੁਲਾਜ਼ਮ ਉਸ ਦੇ ਪਤੀ ਨੂੰ ਘਰੋਂ ਫੜ ਕੇ ਲੈ ਗਏ ਸਨ ਜਦ ਕਿ ਬਾਅਦ ਵਿਚ ਪੁਲਿਸ ਪਾਰਟੀ ਵਲੋਂ ਚੋਹਲਾ ਸਾਹਿਬ ਕੋਲ ਬਿੱਲਿਆ ਵਾਲੇ ਪੁਲ 'ਤੇ ਝੂਠਾ ਅਤੇ ਮਨ-ਘੜਤ ਕੇਸ ਬਣਾ ਕੇ ਉਸ ਉਪਰ ਸਾਢੇ ਤਿੰਨ ਕਿਲੋਂ ਅਫੀਮ ਪਾ ਕੇ ਝੂਠਾ ਪਰਚਾ ਦਰਜ ਕਰ ਦਿਤਾ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਵਲੋਂ ਉਨ੍ਹਾਂ ਦੇ ਘਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਹੋਈ ਇਸ ਸਬੰਧੀ ਰਿਕਾਰਡਿੰਗ ਨੂੰ ਮਟਾਉਣ ਲਈ ਕੈਮਰੇ ਵੀ ਲਾਹ ਕੇ ਲੈ ਗਏ ਪਰ ਰਸਤੇ ਵਿਚ ਲੱਗੇ ਕੈਮਰਿਆਂ ਵਿਚ ਇਹ ਸਾਰੀ ਘਟਨਾ ਦੀ ਰਿਕਾਰਡਿੰਗ ਉਨ੍ਹਾਂ ਕੋਲ ਅੱਜ ਵੀ ਸੁਰੱਖਿਅਤ ਹੈ।
Hunger Strike
ਉਸ ਦਾ ਪਤੀ ਅਕਾਲੀ ਦਲ ਨਾਲ ਸਬੰਧਤ ਹੋਣ ਕਰ ਕੇ ਉਸ ਵਿਰੁਧ ਕਥਿਤ ਤੌਰ ਤੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅਪਣੇ ਬੱਚਿਆਂ ਸਮੇਤ ਇੰਨਸਾਫ ਲੈਣ ਤੱਕ ਭੁੱਖ ਹੜ੍ਹਤਾਲ ਜਾਰੀ ਰੱਖਣਗੇ। ਕਾਰਵਾਈ ਦਾ ਸਮਰਥਨ ਕਰ ਰਹੀਆਂ ਵੱਖ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਪਰਵਾਰ ਨਾਲ ਮੋਢੇ ਨਾਲ ਮੋਢਾ ਲਾਉਂਦਿਆਂ ਇਸ ਭੁੱਖ ਹੜ੍ਹਤਾਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅੱਜ 31 ਵਿਅਕਤੀਆਂ ਵਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਬਾਹਰ ਪੂਰਾ ਦਿਨ ਭੁੱਖ ਹੜ੍ਹਤਾਲ ਜਾਰੀ ਰੱਖੀ। ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਨੇ ਕਿਹਾ ਉਨ੍ਹਾਂ ਦੀ ਪਾਰਟੀ ਦੇ ਸਮੂਹ ਮੈਂਬਰ ਸੱਚ ਦੇ ਨਾਲ ਖੜ੍ਹੇ ਹਨ ਅਤੇ ਉਕਤ ਕੇਸ ਵਿਚ ਇੰਨਸਾਫ ਦਵਾਉਣ ਤੱਕ ਉਹ ਸਰਪੰਚ ਦਿਲਬਾਗ ਸਿੰਘ ਦੇ ਸਮੂਹ ਪਰਿਵਾਰ ਨਾਲ ਡਟੇ ਰਹਿਣਗੇ। ਇਸ ਸਬੰਧੀ ਜਦ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਸੁਖਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਲਗਾਏ ਜਾ ਰਹੇ ਸਾਰੇ ਦੋਸ਼ ਬੇ-ਬੁਨਿਆਦ ਹਨ ਅਤੇ ਉਨ੍ਹਾਂ ਵਲੋਂ ਕੀਤੀ ਗਈ ਕਾਰਵਾਈ ਦਰੁਸਤ ਹੈ।