
ਜਵੱਦੀ ਖੇਤਰ ਵਿਚ ਲਾਭਪਾਤਰੀਆਂ ਨੂੰ ਕਣਕ ਅਤੇ ਦਾਲਾਂ ਦੀ ਵੰਡ
ਚੰਡੀਗੜ੍ਹ/ਲੁਧਿਆਣਾ, 16 ਅਪ੍ਰੈੱਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਜਵੱਦੀ ਖੇਤਰ ਵਿਖੇ ਸੂਬੇ ਵਿਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਹਰ ਲਾਭਪਾਤਰੀ ਨੂੰ ਸਮਾਰਟ ਕਾਰਡ ਯੋਜਨਾ ਅਧੀਨ ਕਣਕ ਅਤੇ ਦਾਲਾਂ ਦੀ ਮੁਫ਼ਤ ਵੰਡ ਕੀਤੀ ਜਾਣੀ ਹੈ। ਇਸ ਮੌਕੇ ਆਸ਼ੂ ਨੇ ਕਿਹਾ ਕਿ ਇਸ ਯੋਜਨਾ ਅਧੀਨ ਹਰ ਵਿਅਕਤੀ ਨੂੰ 5 ਕਿਲੋ ਕਣਕ ਅਤੇ ਹਰ ਪਰਵਾਰ ਨੂੰ 1 ਕਿਲੋ ਦਾਲ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਗਲੇ ਤਿੰਨ ਮਹੀਨੇ ਲਈ ਮੁਹਈਆ ਕਰਵਾਈ ਜਾਵੇਗੀ।
File photo
ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਪੰਜਾਬ ਸਰਕਾਰ ਵਲੋਂ ਗ਼ਰੀਬ ਤਬਕੇ ਦੇ ਲੋਕਾਂ ਨੂੰ 10 ਲੱਖ ਭੋਜਨ ਪੈਕੇਟਾਂ ਦੀ ਵੰਡ ਕੀਤੀ ਜਾ ਚੁਕੀ ਹੈ। ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਚਾਲੂ ਕਰਫ਼ਿਊ/ਲੌਕਡਾਊਨ ਕਾਰਨ ਕੋਈ ਵੀ ਵਿਅਕਤੀ ਖ਼ਾਸ ਕਰ ਕੇ ਗ਼ਰੀਬ ਵਿਅਕਤੀ ਭੋਜਨ ਤੋਂ ਬਿਨਾਂ ਨਾ ਸੌਂਵੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਸੂਬੇ ਵਿੱਚ 1.41 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸੂਬੇ ਦੇ ਲੋੜਵੰਦ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਇਸ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਵੀ ਹਾਜ਼ਰ ਸਨ।