
ਕਿਹਾ, ਅਦਾਲਤ ਵਿਚ ਨੰਗੇ ਸਿਰ ਪੇਸ਼ ਕਰਨ ਵਾਲੇ ਮੁਲਾਜ਼ਮਾਂ ਵਿਰੁਧ ਕਾਰਵਾਈ ਹੋਵੇ
ਅੰਮ੍ਰਿਤਸਰ 16 ਅਪਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿ: ਕੇਵਲ ਸਿੰਘ ਸਾਬਕਾ ਜਥੇਦਾਰ ਅਤੇ ਸਹਾਇਕ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ ਕਿ ਪਟਿਆਲਾ ਵਿਖੇ ਵਾਪਰੀ ਘਟਨਾ ਦੀ ਨਿਰਪੱਖ ਪੜਤਾਲ ਕਰਾਈ ਜਾਵੇ। ਇਸ ਦੌਰਾਨ ਦੋ ਦੋਸ਼ੀਆਂ ਤੋਂ ਇਲਾਵਾ ਫੜੇ ਲੋਕਾਂ 'ਤੇ ਮੁਕੱਦਮਾ ਚਲਾਉਣ ਤੋਂ ਪਹਿਲਾਂ ਵਿਚਾਰ ਕੀਤੀ ਜਾਵੇ।
ਗਿ: ਕੇਵਲ ਸਿੰਘ
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਨੰਗੇ ਸਿਰ ਪੇਸ਼ ਕਰਨ ਵਾਲੇ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਹੋਵੇ ਅਤੇ ਲੋਕਤੰਤਰ ਅੰਦਰ ਆਜ਼ਾਦੀ ਦੇ ਪ੍ਰਗਟਾਵੇ ਤਹਿਤ ਸ਼ੋਸ਼ਲ ਮੀਡੀਆ 'ਤੇ ਘਟਨਾ ਸਬੰਧੀ ਅਪਣਾ-ਅਪਣਾ ਪੱਖ ਰੱਖਣ ਵਾਲੇ ਗ਼੍ਰਿਫਤਾਰ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪਟਿਆਲਾ ਸਬਜ਼ੀ ਮੰਡੀ ਵਿਖੇ ਨਿਹੰਗ ਸਿੰਘਾਂ ਦੇ ਬਾਣੇ ਵਿਚ ਕੁਝ ਵਿਅਕਤੀਆਂ ਅਤੇ ਪੁਲਿਸ ਵਿਚਕਾਰ ਤਕਰਾਰ ਦੌਰਾਨ ਤਲਵਾਰ ਨਾਲ ਪੁਲਿਸ ਮੁਲਾਜ਼ਮ ਦਾ ਹੱਥ ਕੱਟੇ ਜਾਣ ਦਾ ਕਾਰਾ ਸਾਹਮਣੇ ਆਇਆ ਹੈ, ਜੋ ਕਿ ਅਤਿ ਦੁੱਖਦਾਈ ਅਤੇ ਨਿੰਦਣਯੋਗ ਹੈ। ਕਿਸੇ ਵੀ ਮਨੁੱਖ ਦਾ ਨੁਕਸਾਨ ਹਿਰਦੇ ਵਲੂੰਧਰਦਾ ਹੈ। ਇਸ ਘਟਨਾ ਦੇ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਅਤੇ ਸਜ਼ਾ ਵੀ ਮਿਲਣੀ ਚਾਹੀਦੀ ਹੈ ਪਰ ਬੇਗੁਨਾਹਾਂ ਤੇ ਔਰਤਾਂ ਨੂੰ ਹਿਰਾਸਤ ਵਿਚ ਲੈਣਾ ਠੀਕ ਨਹੀਂ ਹੈ, ਇਨ੍ਹਾਂ ਔਰਤਾਂ ਦੇ ਸਿਰਾਂ ਤੋਂ ਚੁੰਨੀਆਂ ਉਤਾਰੇ ਜਾਣਾ ਬਹੁਤ ਇਤਰਾਜ਼ਯੋਗ ਹੈ। ਦੋਸ਼ੀਆਂ ਦੇ ਸਿਰ ਦੇ ਕੇਸ, ਦਸਤਾਰ ਅਤੇ ਧਾਰਮਕ ਚਿੰਨ੍ਹਾਂ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਰ ਮਹਿਸੂਸ ਹੋ ਰਿਹਾ ਹੈ ਕਿ ਪੁਲਿਸ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।
ਪਟਿਆਲਾ ਘਟਨਾ ਸਬੰਧੀ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਨੌਜਵਾਨਾਂ ਨਾਲ ਵੀ ਪੁਲਿਸ ਵਲੋਂ ਸੰਵਾਦ ਰਚਾਇਆ ਜਾਂਦਾ ਤਾਂ ਲਾਹੇਵੰਦਾ ਹੋ ਸਕਦਾ ਸੀ। ਉਨਾਂ ਨੂੰ ਗ਼੍ਰਿਫਤਾਰ ਕਰਨ ਵਾਲੀ ਕਾਰਵਾਈ ਤਰੇੜਾਂ ਪਾਉਣ ਵਾਲੀ ਹੈ।ਇਸ ਮਹਾਂਮਾਰੀ ਮੌਕੇ ਸਿੱਖ ਸੰਗਤਾਂ ਵਲੋਂ ਨਿਭਾਈ ਜਾ ਰਹੀ ਸੇਵਾ ਦੀ ਬਦੌਲਤ ਕੌਮਾਂਤਰੀ ਪੱਧਰ' ਤੇ ਸਿੱਖ ਕੌਮ ਦੇ ਅਕਸ ਨੂੰ ਢਾਅ ਲੱਗ ਰਹੀ ਹੈ। ਕਰੋਨਾ ਵਿਸ਼ਾਣੂ ਕਾਰਨ ਪਸਰੀ ਵਿਸ਼ਵ ਮਹਾਂਮਾਰੀ ਨੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੀਵਨ ਮੌਤ ਦੀ ਲੜਾਈ ਚੱਲ ਰਹੀ ਹੈ। ਤਾਲਾਬੰਦੀ ਅਤੇ ਕਰਫ਼ਿਊ ਵਰਗੇ ਪ੍ਰਬੰਧਾਂ ਨੂੰ ਅਮਲ ਵਿਚ ਲਿਆਉਣ ਲਈ ਪੁਲਿਸ ਵਿਭਾਗ ਦੀ ਔਖੀ ਜ਼ਿੰਮੇਵਾਰੀ ਲੱਗੀ ਹੈ।
ਲੋਕ-ਹਿਤ ਵਿਚ ਚੁੱਕੇ ਸਖ਼ਤ ਕਦਮਾਂ ਨਾਲ ਆਈ ਔਖ ਦੇ ਬਾਵਜੂਦ ਲੋਕ ਪੁਲਿਸ ਦੇ ਨਾਲ ਖੜੇ ਹੋਏ ਹਨ। ਲੋੜਾਂ ਦੀ ਪੂਰਤੀ ਲਈ ਘਰੋਂ ਬਾਹਰ ਨਿੱਕਲਣ ਲਈ ਲੋਕਾਂ ਨੂੰ ਮਜ਼ਬੂਰ ਹੋਣਾ ਪਿਆ। ਲੋਕਾਂ ਨੇ ਪੁਲਿਸ ਨੂੰ ਮਜ਼ਬੂਰੀ ਤੋਂ ਜਾਣੂ ਕਰਵਾਇਆ। ਪਰ ਪੁਲਿਸ ਨੇ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਿਆ। ਉਸ ਡੰਡੇ ਦੀ ਵਰਤੋਂ ਕੀਤੀ ਅਤੇ ਵੀਡੀਉ ਬਣਾ ਕੇ ਸਵੈ-ਮਾਨ ਨੂੰ ਵੀ ਸੱਟ ਮਾਰੀ।