
ਕਰਫ਼ੀਊ ਦੇ ਬਾਵਜੂਦ ਨਸ਼ਾ ਸਪਲਾਈ ਦਾ ਸਿਲਸਿਲਾ ਲਗਾਤਾਰ ਜਾਰੀ
ਕੋਟਕਪੂਰਾ, 16 ਅਪ੍ਰੈਲ (ਗੁਰਿੰਦਰ ਸਿੰਘ) : ਭਾਵੇਂ ਕੋਰੋਨਾ ਵਾਇਰਸ ਦੀ ਕਰੋਪੀ ਨੇ ਦੇਸ਼ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ ਤੇ ਲੋਕ ਆਉਣ ਵਾਲੇ ਸਮੇਂ ਬਾਰੇ ਸੋਚ-ਸੋਚ ਕੇ ਚਿੰਤਾ 'ਚ ਡੁੱਬੇ ਹੋਏ ਹਨ ਪਰ ਫਿਰ ਵੀ ਇਸ ਕਸਾਅ ਅਤੇ ਤਣਾਅ ਦੇ ਮਾਹੌਲ 'ਚ ਵੀ ਕੁਝ ਬਹੁਤ ਹੀ ਚੰਗੀਆਂ ਤੇ ਉਸਾਰੂ ਗੱਲਾਂ ਸਾਹਮਣੇ ਆਉਣ ਨਾਲ ਲੋਕਾਂ ਨੂੰ ਆਪਣੀਆਂ ਦੁੱਖ-ਤਕਲੀਫਾਂ ਭੁੱਲਦੀਆਂ ਪ੍ਰਤੀਤ ਹੋ ਰਹੀਆਂ ਹਨ। ਪਿਛਲੇ ਮਹੀਨੇ 22 ਮਾਰਚ ਦਿਨ ਐਤਵਾਰ ਤੋਂ ਪੰਜਾਬ ਭਰ 'ਚ ਹੋਈ ਤਾਲਾਬੰਦੀ ਤੇ ਕਰਫੀਊ ਕਾਰਨ ਭਾਵੇਂ ਕੋਰੋਨਾ ਵਾਇਰਸ ਦੀ ਚੈਨ ਤਾਂ ਹਾਲੇ ਤੱਕ ਨਹੀਂ ਟੁੱਟੀ ਪਰ ਸੂਬੇ 'ਚ ਵਾਤਾਵਰਨ ਸ਼ੁੱਧ ਜਰੂਰ ਹੋਇਆ ਹੈ।
ਕਰਫ਼ੀਊ ਦੇ ਬਾਵਜੂਦ ਨਸ਼ਾ ਸਪਲਾਈ ਦਾ ਸਿਲਸਿਲਾ ਲਗਾਤਾਰ ਜਾਰੀ
ਉਕਤ ਮਾਮਲੇ ਦਾ ਦਿਲਚਸਪ ਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਪਿੰਡ-ਪਿੰਡ ਲੱਗੇ ਠੀਕਰੀ ਪਹਿਰੇ, ਗਲੀ-ਮੁਹੱਲਿਆਂ ਅਤੇ ਬਾਜਾਰਾਂ 'ਚ ਲੋਕਾਂ ਵਲੋਂ ਆਪੋ ਆਪਣੇ ਇਲਾਕੇ ਦੀ ਕੀਤੀ ਨਾਕਾਬੰਦੀ ਦੇ ਬਾਵਜੂਦ ਵੀ ਨਸ਼ਾ ਤਸਕਰਾਂ ਵਲੋਂ ਨਸ਼ਾ ਸਪਲਾਈ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ੋਸ਼ਲ ਮੀਡੀਏ 'ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ, ਤਸਕਰਾਂ ਦੀਆਂ ਗੱਡੀਆਂ 'ਚ ਪੁਲਿਸ ਮੁਲਾਜਮਾਂ ਦੀ ਮਿਲੀਭੁਗਤ ਦੀਆਂ ਜਨਤਕ ਹੋਈਆਂ ਵੀਡੀਉ ਤੇ ਆਡੀਉ ਕਲਿੱਪਾਂ ਦੇ ਬਾਵਜੂਦ ਕਿਸੇ ਵੀ ਨਸ਼ਾ ਤਸਕਰ ਜਾਂ ਪੁਲਿਸ ਮੁਲਾਜਮ ਖਿਲਾਫ ਕਾਰਵਾਈ ਨਾ ਕੀਤੇ ਜਾਣ ਕਾਰਨ ਆਮ ਲੋਕਾਂ ਅਤੇ ਚਿੰਤਕਾਂ 'ਚ ਨਿਰਾਸ਼ਾ ਪੈਦਾ ਹੋਣੀ ਸੁਭਾਵਿਕ ਹੈ।
ਲੋਕਾਂ ਨੂੰ ਉਮੀਦ ਜਾਗੀ ਸੀ ਕਿ ਪਿੰਡਾਂ 'ਚ ਲੱਗੇ ਦਿਨ-ਰਾਤ ਦੇ ਠੀਕਰੀ ਪਹਿਰੇ ਅਤੇ ਸ਼ਹਿਰਾਂ ਦੇ ਗਲੀ-ਮੁਹੱਲਿਆਂ 'ਚ ਕੀਤੀ ਨਾਕਾਬੰਦੀ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ ਪਰ ਪਿੰਡਾਂ 'ਚੋਂ ਮਿਲਦੀਆਂ ਰਿਪੋਰਟਾਂ ਮੁਤਾਬਿਕ ਨਸ਼ਾ ਤਸਕਰਾਂ ਨੇ ਨਸ਼ੇੜੀਆਂ ਤੱਕ ਨਸ਼ਾ ਪਹੁੰਚਾਉਣ ਦਾ ਢੰਗ ਤਰੀਕਾ ਜਰੂਰ ਬਦਲ ਲਿਆ ਹੈ ਪਰ ਨਸ਼ਾ ਸਪਲਾਈ ਦੇ ਕੰਮ 'ਚ ਕੋਈ ਅੜਿੱਕਾ ਪੈਂਦਾ ਨਜਰ ਨਹੀਂ ਆ ਰਿਹਾ, ਕਿਉਂਕਿ ਹੁਣ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਨੂੰ ਪੁਲਿਸ ਪ੍ਰਸ਼ਾਸ਼ਨ ਜਾਂ ਕਾਨੂੰਨ ਦਾ ਲੱਗਦੈ ਕੋਈ ਡਰ-ਭੈਅ ਨਹੀਂ ਰਿਹਾ।
ਲੋਕ ਹੈਰਾਨ ਹਨ ਕਿ ਪੁਲਿਸ ਦੇ ਨਸ਼ਾ ਰੋਕੂ ਵਿੰਗ (ਐਂਟੀਨਾਰਕੋਟਿਕ ਸੈੱਲ) ਨੂੰ ਅਜਿਹੇ ਮਾਹੌਲ ਦਾ ਜਬਰਦਸਤ ਫਾਇਦਾ ਕਿਉਂ ਨਹੀਂ ਹੋ ਰਿਹਾ? ਮਨਜੀਤ ਸਿੰਘ ਢੇਸੀ ਐਸਐਸਪੀ ਫਰੀਦਕੋਟ ਨੇ ਦਾਅਵਾ ਕੀਤਾ ਕਿ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ੇੜੀ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੀ ਇਜ਼ਾਜਤ ਨਹੀਂ ਦਿਤੀ ਜਾਵੇਗੀ।