
ਹਰ ਸ਼ਹਿਰ ਵਾਸੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਵੇ : ਐਸ.ਡੀ.ਐਮ.
ਮਾਲੇਰਕੋਟਲਾ, 16 ਅਪ੍ਰੈਲ (ਇਸਮਾਈਲ ਏਸੀਆ): ਸਥਾਨਕ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਮਾਲੇਰਕੋਟਲਾ ਸ਼ਹਿਰ ਦੇ ਵਸਨੀਕਾਂ ਦਾ ਡੋਰ ਟੂ ਡੋਰ ਹੈਲਥ ਸਰਵੇ 17 ਅਪ੍ਰੈਲ ਤੋਂ ਕਰਵਾਇਆ ਜਾ ਰਿਹਾ ਹੈ।
ਡੋਰ ਟੂ ਡੋਰ ਹੈਲਥ ਸਰਵੇ ਕਰਨ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੰਬੋਧਨ ਕਰਦੇ ਹੋਏ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ।
ਇਸ ਸਬੰਧੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਅੱਜ ਡਾ: ਰਾਜ ਕੁਮਾਰ, ਸਿਵਲ ਸਰਜਨ ਸੰਗਰੂਰ ਅਤੇ ਡਾ: ਜ਼ਸਵਿੰਦਰ ਸਿੰਘ, ਐਸ.ਐਮ.ਓ., ਸਿਵਲ ਹਸਪਤਾਲ, ਮਾਲੇਰਕੋਟਲਾ ਨਾਲ ਵਿਸ਼ੇਸ਼ ਤੌਰ 'ਤੇ ਇਸ ਸਰਵੇ ਨੂੰ ਸਫਲ ਬਣਾਉਣ ਸਬੰਧੀ ਮੀਟਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ, ਸੰਗਰੂਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਮਾਲੇਰਕੋਟਲਾ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਮਾਲੇਰਕੋਟਲਾ ਸ਼ਹਿਰ ਵਾਸੀਆਂ ਦਾ ਇਕ ਹੈਲਥ ਸਰਵੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ 17 ਅਪ੍ਰੈਲ, 2020 ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ। ਇਸ ਸਰਵੇ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ, ਹਰ ਪਰਿਵਾਰਕ ਮੈਂਬਰ ਦੀ ਸਿਹਤ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 30 ਟੀਮਾਂ ਹੋਰ ਆ ਰਹੀਆਂ ਹਨ ਜੋ ਇਸ ਸਰਵੇ ਵਿਚ ਭਾਗ ਲੈਣਗੀਆਂ।
ਇਸ ਮੌਕੇ ਸ੍ਰੀ ਪਾਂਥੇ ਨੇ ਸਮੂਹ ਮਾਲੇਰਕੋਟਲਾ ਵਾਸੀਆਂ ਨੂੰ ਅਪੀਲ ਕੀਤੀ ਕਿ 17 ਅਪ੍ਰੈਲ ਤੋਂ ਹੈਲਥ ਵਿਭਾਗ ਦੀਆਂ ਟੀਮਾਂ ਘਰ-ਘਰ ਆਉਣਗੀਆਂ, ਇਸ ਮੌਕੇ ਸਮੂਹ ਸ਼ਹਿਰ ਵਾਸੀ ਸਮਾਜ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਨ੍ਹਾਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਸਬੰਧੀ ਮੰਗੀ ਜਾਣ ਵਾਲੀ ਸਾਫ ਅਤੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਉਣ।