
ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿਚ ਕਰਫ਼ਿਊ ਜਾਰੀ ਹੈ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਨੂੰ ਹੋ ਰਿਹਾ ਹੈ। ਬੱਚੇ ਅਗਲੀ ਜਮਾਤ ਵਿਚ ਹੋ ਚੁੱਕੇ ਹਨ ਪਰ ਉਨ੍ਹਾਂ
ਚੰਡੀਗੜ੍ਹ, 16 ਅਪ੍ਰੈਲ (ਤਰੁਣ ਭਜਨੀ): ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿਚ ਕਰਫ਼ਿਊ ਜਾਰੀ ਹੈ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਨੂੰ ਹੋ ਰਿਹਾ ਹੈ। ਬੱਚੇ ਅਗਲੀ ਜਮਾਤ ਵਿਚ ਹੋ ਚੁੱਕੇ ਹਨ ਪਰ ਉਨ੍ਹਾਂ ਕੋਲ ਪੜ੍ਹਨ ਲਈ ਕਿਤਾਬਾਂ ਨਹੀ ਹਨ। ਹਾਲਾਂਕਿ ਨਿਜੀ ਸਕੂਲਾਂ ਨੇ ਅਪਣੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਸ਼ੁਰੂ ਕਰ ਦਿਤੀਆਂ ਹਨ ਪਰ ਉਸ ਦਾ ਵੀ ਕੋਈ ਬਹੁਤਾ ਫ਼ਾਇਦਾ ਵਿਦਿਆਥੀਆਂ ਨੂੰ ਨਹੀਂ ਹੋ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਹਾਲੇ ਤਕ ਇਹ ਫੈਸਲਾ ਨਹੀਂ ਕਰ ਸਕਿਆ ਹੈ ਕਿ ਮਾਪਿਆਂ ਨੂੰ ਕਿਤਾਬਾਂ ਕਿਵੇਂ ਮਿਲਣਗੀਆਂ।
ਇਕ ਹਫ਼ਤਾ ਪਹਿਲਾਂ ਇਹ ਫੈਸਲਾ ਹੋਇਆ ਸੀ ਕਿ ਕਿਤਾਬਾਂ ਦਿਤੀਆਂ ਜਾਣਗੀਆਂ ਪਰ ਉਸ ਦੀ ਰੂਪ-ਰੇਖਾ ਹਾਲੇ ਤਕ ਤਿਆਰ ਨਹੀਂ ਹੋ ਸਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਦਾ ਖਾਮਿਆਜ਼ਾ ਮਾਪੇ ਭੁਗਤ ਰਹੇ ਹਨ ਕਿਉਂਕਿ ਉਨ੍ਹਾਂ ਦੇ ਬੱਚਿਆਂ ਕੋਲ ਕਿਤਾਬਾਂ ਹੀ ਨਹੀਂ ਹਨ ਪਰ ਉਨ੍ਹਾਂ ਦੀ ਅਗਲੀ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਕੁੱਝ ਦਿਨ ਪਹਿਲਾਂ ਸ਼ਹਿਰ ਵਿਚ ਕਿਹੜੇ ਬੁੱਕ ਸਟੋਰ ਕਿਤਾਬਾਂ ਦੀ ਵਿਕਰੀ ਕਰਨਗੇ, ਉਸ ਦਾ ਜਿੰਮਾ ਯੂਟੀ ਸਿੱਖਿਆ ਵਿਭਾਗ ਅਤੇ ਆਬਕਾਰੀ ਅਤੇ ਕਰ ਵਿਭਾਗ ਦੋਹਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਸੀ।
ਤਿੰਨ ਦਿਨ ਪਹਿਲਾਂ ਆਬਕਾਰੀ ਅਤੇ ਕਰ ਵਿਭਾਗ ਨੇ ਸ਼ਹਿਰ ਦੇ 44 ਕਿਤਾਬਾਂ ਵੇਚਣ ਵਾਲਿਆਂ ਦੀ ਲਿਸਟ ਬਣਾਈ ਸੀ ਅਤੇ ਇਹ ਲਿਸਟ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿਤੀ। ਸੂਤਰਾਂ ਮੁਤਾਬਕ ਇਸ ਲਿਸਟ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨਾਲ ਚਰਚਾ ਕੀਤੀ ਸੀ ਪਰ ਇਹ ਫੈਸਲਾ ਹੋਇਆ ਕਿ ਕਿਤਾਬਾਂ ਜ਼ਰੂਰੀ ਸਮਾਨ ਵਿਚ ਨਹੀਂ ਆਉਂਦੀਆਂ ਹਨ, ਇਸ ਲਈ ਇਸ ਦੀ ਵਿਕਰੀ 'ਤੇ ਫਿਲਹਾਲ ਰੋਕ ਲਗਾ ਦਿਤੀ ਜਾਵੇ। 30 ਅਪ੍ਰੈਲ ਤਕ ਇਸ ਨੂੰ ਰੋਕਣ ਬਾਰੇ ਸਹਿਮਤੀ ਬਣੀ ਸੀ ਅਤੇ ਹਾਲੇ ਤਕ ਹੋਮ ਡਿਲਿਵਰੀ ਦੀ ਵੀ ਇਜਾਜ਼ਤ ਨਹੀਂ ਦਿਤੀ ਜਾਵੇਗੀ।