
ਸ਼੍ਰੋਮਣੀ ਕਮੇਟੀ ਵਲੋਂ ਧੁਮਕਸ਼ਾਹੀ ਕੈਲੰਡਰ ਰੱਦ?
ਅਕਾਲ ਤਖ਼ਤ ਤੋਂ ਜਾਰੀ ਕੈਲੰਡਰ ਵਿਰੁਧ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਜਾਣ ਤੇ ਪੁੱਛੇ ਸਵਾਲ
ਵਿਚ ਪਿਛਲੇ ਲੰਮੇ ਸਮੇਂ ਤੋਂ ਵਕਾਲਤ ਕਰਦੇ ਅਰਥਾਤ ਦਲੀਲਾਂ ਦਿੰਦੇ ਆ ਰਹੇ ਪ੍ਰਵਾਸੀ ਭਾਰਤੀ, ਸਿੱਖ ਚਿੰਤਕ ਤੇ ਪ੍ਰਸਿੱਧ ਲੇਖਕ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂਅ ਹੇਠ ਛਾਪੇ ਜਾਂਦੇ ਬਿਕਰਮੀ ਕੈਲੰਡਰ ਦੇ ਉਲਟ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 14 ਅਪੈ੍ਰਲ ਨੂੰ ਮਨਾਏ ਗਏ ਵਿਸਾਖੀ ਦੇ ਦਿਹਾੜੇ ਨੂੰ ਮਾਨਤਾ ਦੇਣ ਦੀ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਜਾਂ ਮਜਬੂਰੀ ਸਬੰਧੀ ਸਵਾਲ ਖੜਾ ਕੀਤਾ ਹੈ।
ਸ. ਸੈਕਰਾਮੈਂਟੋ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਮਹੀਨੇ 13 ਮਾਰਚ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਜਾਰੀ ਕਰਵਾਏ ਗਏ ਕੈਲੰਡਰ ਵਿਚ ਵਿਸਾਖੀ ਦਾ ਦਿਹਾੜਾ 13 ਅਪੈ੍ਰਲ ਦਰਜ ਹੈ ਪਰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਾਹਿਬਾਨ ਨਾਲ ਸਬੰਧਤ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ। ਉਨ੍ਹਾਂ ਦਸਿਆ ਕਿ ਇਸ ਸਬੰਧੀ ਪਾਕਿਸਤਾਨ ਗੁਰਦਵਾਰਾ ਕਮੇਟੀ ਦਾ ਸ਼੍ਰੋਮਣੀ ਕਮੇਟੀ ਨਾਲ ਕਈ ਵਾਰੀ ਵਿਵਾਦ ਵੀ ਖੜਾ ਹੋ ਚੁੱਕਾ ਹੈ। ਸੈਕਰਾਮੈਂਟੋ ਮੁਤਾਬਕ ਇਸ ਵਾਰ ਪਾਕਿਸਤਾਨ ਲਈ ਸ਼੍ਰੋਮਣੀ ਕਮੇਟੀ ਵਲੋਂ ਹਰਪਾਲ ਸਿੰਘ ਜੱਲਾ ਮੈਂਬਰ ਦੀ ਅਗਵਾਈ ਹੇਠ 815 ਮੈਂਬਰਾਂ ਦਾ ਜੱਥਾ ਵੀ ਭੇਜਿਆ ਗਿਆ ਸੀ। ਉਨ੍ਹਾਂ ਦਸਿਆ ਕਿ ਅਕਾਲ ਤਖ਼ਤ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਬਿਕਰਮੀ ਕੈਲੰਡਰ ਨੂੰ ਲਾਗੂ ਕੀਤੇ ਗਏ ਹੁਕਮ ਦੀ ਸ਼੍ਰੋਮਣੀ ਕਮੇਟੀ ਨੇ ਸ਼ਰੇਆਮ ਉਲੰਘਣਾ ਕੀਤੀ ਹੈ। ਉਨ੍ਹਾਂ ਦਸਿਆ ਕਿ ਪ੍ਰਵਾਸੀ ਭਾਰਤੀ ਸ਼੍ਰੋਮਣੀ ਕਮੇਟੀ ਦੇ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕਰਮੀ ਕੈਲੰਡਰ ਨੂੰ ਦੋ ਮੈਂਬਰੀ ਕੈਲੰਡਰ ਕਮੇਟੀ (ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ) ਦੇ ਨਾਂਅ ਹੇਠ ਯਾਦ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਉਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 13 ਮਾਰਚ ਨੂੰ ਜਾਰੀ ਕੀਤੇ ਗਏ ਕੈਲੰਡਰ ਦੀ ਉਲੰਘਣਾ ਕਿਸ ਦੇ ਇਸ਼ਾਰੇ ’ਤੇ ਕੀਤੀ ਗਈ ਹੈ? ਕੀ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਵਿਰੁਧ ਉਕਤ ਉਲੰਘਣਾ ਕਾਰਨ ਕੋਈ ਕਾਰਵਾਈ ਕਰਨਗੇ ਜਾਂ ਭਾਣਾ ਮੰਨ ਲੈਣਗੇ?