
ਜ਼ਿਲ੍ਹਾ ਕਪੂਰਥਲਾ ਇਕ ਵਾਰ ਫੇਰ ਉਦੋਂ ਕੋਰੋਨਾ ਵਾਇਰਸ ਨੇ ਕਹਿਰ ਪਾ ਦਿਤਾ, ਜਦੋਂ 5 ਨਵੇਂ ਮਾਮਲੇ ਸਾਹਮਣੇ ਆ ਗਏ।
ਫ਼ਗਵਾੜਾ, 16 ਮਈ (ਪਪ) : ਜ਼ਿਲ੍ਹਾ ਕਪੂਰਥਲਾ ਇਕ ਵਾਰ ਫੇਰ ਉਦੋਂ ਕੋਰੋਨਾ ਵਾਇਰਸ ਨੇ ਕਹਿਰ ਪਾ ਦਿਤਾ, ਜਦੋਂ 5 ਨਵੇਂ ਮਾਮਲੇ ਸਾਹਮਣੇ ਆ ਗਏ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਸੀ.ਐਮ.ਓ. ਡਾ. ਜਸਮੀਤ ਕੌਰ ਬਾਵਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 5 ਨਵੇਂ ਕੇਸਾਂ ’ਚ ਕਪੂਰਥਲਾ ਦੇ 4 ਲੋਕ ਅਤੇ ਫਗਵਾੜਾ ਦਾ 1 ਨੌਜਵਾਨ ਸ਼ਾਮਲ ਹੈ। ਉਨ੍ਹਾਂ ਦਸਿਆ ਕਿ ਕਪੂਰਥਲਾ ਦੇ ਜਿਨ੍ਹਾਂ 4 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰੀਪੋਰਟ ਆਈ ਹੈ, ਉਹ ਦੁਬਈ ਤੋਂ 13 ਮਈ ਨੂੰ ਵਾਪਸ ਪੰਜਾਬ ਪਰਤੇ ਹਨ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਦੀਆਂ ਟੀਮਾਂ ਵਲੋਂ ਦੁਬਈ ਤੋਂ ਆਏ ਇਨ੍ਹਾਂ 4 ਲੋਕਾਂ ਨੂੰ ਕਪੂਰਥਲਾ ’ਚ ਪਹਿਲਾਂ ਹੀ ਅਹਿਤਿਹਾਤ ਵਰਤਦੇ ਹੋਏ ਕੁਆਰੰਟੀਨ ਕੀਤਾ ਗਿਆ ਸੀ। ਡਾਕਟਰ ਜਸਮੀਤ ਕੌਰ ਬਾਵਾ ਨੇ ਦਸਿਆ ਕਿ ਇਸੇ ਤਰ੍ਹਾਂ ਫਗਵਾੜਾ ’ਚ ਇਕ ਕੋਰੋਨਾ ਪਾਜ਼ੇਟਿਵ ਕੇਸ ਜੋ ਕਿ ਇਕ ਨੌਜਵਾਨ ਦਾ ਹੈ, ਸਾਹਮਣੇ ਆਇਆ ਹੈ।
ਜਲੰਧਰ ਜ਼ਿਲ੍ਹੇ ’ਚ ਤਿੰਨ ਨਵੇਂ ਕੇਸ ਮਿਲੇ
ਜਲੰਧਰ, 16 ਮਈ (ਲੱਕੀ/ਸ਼ਰਮਾ) : ਜਲੰਧਰ ’ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਰੋਨਾ ਵਾਇਰਸ ਨੇ ਹੁਣ ਦਸਤਕ ਸ਼ਹਿਰ ਦੀ ਪਾਸ਼ ਕਾਲੋਨੀ ’ਚ ਦੇ ਦਿਤੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜਲੰਧਰ ਸ਼ਹਿਰ ’ਚੋਂ ਤਿੰਨ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਅੱਜ ਦੇ ਮਿਲੇ ਕੇਸਾਂ ’ਚੋਂ ਇਕ ਗ੍ਰੇਟਰ ਕੈਲਾਸ਼, ਇਕ ਈਸ਼ਵਰ ਕਾਲੋਨੀ ਅਤੇ ਤੀਜਾ ਕੇਸ ਭੋਗਪੁਰ ਦਾ ਸਾਹਮਣੇ ਆਇਆ ਹੈ। ਭੋਗਪੁਰ ਦੀ ਰਹਿਣ ਵਾਲੀ ਇਕ ਮਹਿਲਾ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ।
ਮੋਗਾ ਜ਼ਿਲ੍ਹੇ ’ਚ ਕੋਰੋਨਾ ਦੇ ਦੋ ਹੋਰ ਨਵੇਂ ਮਾਮਲੇ ਆਏ
ਮੋਗਾ, 16 ਮਈ (ਖ਼ਾਨ) : ਬੀਤੇ ਦਿਨੀਂ ਮੋਗਾ ਜ਼ਿਲ੍ਹੇ ਨਾਲ ਸਬੰਧਤ ਇਲਾਜ ਅਧੀਨ ਚਲ ਰਹੇ 46 ਪਾਜ਼ੇਟਿਵ ਕੇਸਾਂ ’ਚੋਂ ਚਾਰ ਦੀ ਰੀਪੋਰਟ ਨੈਗੇਟਿਵ ਆਉਣ ਅਤੇ ਬਾਕੀਆਂ ਨੂੰ ਸਿਹਤਮੰਦ ਹੋਣ ਕਾਰਨ ਘਰ ਭੇਜਣ ਉਪਰੰਤ ਕੋਰੋਨਾ ਪੱਖੋਂ ‘ਜ਼ੀਰੋ’ ਹੋਇਆ ਮੋਗਾ ਦਾ ਆਂਕੜਾ ਕੁੱਝ ਕੁ ਘੰਟੇ ਹੀ ਕਾਇਮ ਰਹਿ ਸਕਿਆ। ਜਾਣਕਾਰੀ ਮੁਤਾਬਕ ਅੱਜ ਨਵੀਆਂ ਰੀਪੋਰਟਾਂ ’ਚ ਇਕ ਸ਼ਹਿਰ ਅਤੇ ਦੂਸਰਾ ਨੇੜਲੇ ਪਿੰਡ ਨਾਲ ਸਬੰਧਤ ਮਰੀਜ਼ ਪਾਜ਼ੇਟਿਵ ਆਉਣ ਕਾਰਨ ਮੋਗਾ ਵਾਸੀਆਂ ਵਲੋਂ ਲਏ ਜਾ ਰਹੇ ਸੁੱਖ ਦੇ ਸਾਹ ਇਕ ਵਾਰ ਫਿਰ ਚਿੰਤਾ ਦੇ ਆਲਮ ’ਚ ਬਦਲ ਗਏ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦਸਿਆ ਕਿ ਇਕ ਪਾਜ਼ੇਟਿਵ ਮਰੀਜ਼ ਸ਼ਹਿਰ ਦੇ ਗਿੱਲ ਰੋਡ ਖੇਤਰ ਅਤੇ ਦੂਸਰੇ ਪਿੰਡ ਜਨੇਰ ਦੇ ਏਕਾਂਤਵਾਸ ’ਚ ਮੌਜੂਦ ਪਿੰਡ ਗਲੋਟੀ ਦਾ ਵਾਸੀ ਹੈ।