
ਅੱਜ ਸਵੇਰੇ 7.30 ਵਜੇ ਦੇ ਕਰੀਬ ਸਥਾਨਕ ਕਸਬੇ ਦੇ ਫੇਰੂਮਾਨ ਰੋਡ ’ਤੇ ਸਥਿਤ ਐਚ.ਡੀ.ਐਫ.ਸੀ. ਬੈਂਕ ਵਿਚ ਅੱਗ ਲੱਗ ਜਾਣ ਕਰ ਕੇ ਬੈਂਕ ਦਾ ਫ਼ਰਨੀਚਰ ਤੇ
ਰਈਆ, 16 ਮਈ (ਰਣਜੀਤ ਸਿੰਘ ਸੰਧੂ): ਅੱਜ ਸਵੇਰੇ 7.30 ਵਜੇ ਦੇ ਕਰੀਬ ਸਥਾਨਕ ਕਸਬੇ ਦੇ ਫੇਰੂਮਾਨ ਰੋਡ ’ਤੇ ਸਥਿਤ ਐਚ.ਡੀ.ਐਫ.ਸੀ. ਬੈਂਕ ਵਿਚ ਅੱਗ ਲੱਗ ਜਾਣ ਕਰ ਕੇ ਬੈਂਕ ਦਾ ਫ਼ਰਨੀਚਰ ਤੇ ਰਿਕਾਰਡ ਸੜ ਕੇ ਸੁਆਹ ਹੋ ਗਿਆ। ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਰਈਆ ਸਥਿਤ ਯੈਸ ਬੈਂਕ ਵਿਚ ਵੀ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ। ਸਬ ਡਵੀਜ਼ਨ ਪੱਧਰ ’ਤੇ ਫ਼ਾਇਰ ਬ੍ਰਿਗੇਡ ਦਾ ਪ੍ਰਬੰਧ ਨਾ ਹੋਣ ਕਰ ਕੇ ਪਹਿਲਾਂ ਵੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ। ਘਟਨਾ ਵਾਪਰਨ ’ਤੇ ਇਸ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਜਾਂਦਾ ਹੈ ਪਰ ਬਾਅਦ ਵਿਚ ਮਾਮਲਾ ਫਿਰ ਠੰਢੇ ਬਸਤੇ ਵਿਚ ਪੈ ਜਾਂਦਾ ਹੈ।
File photo
ਲੋਕਾਂ ਵਲੋਂ ਪੁਲਿਸ ਤੇ ਬੈਂਕ ਸਟਾਫ਼ ਨੂੰ ਸੂਚਿਤ ਕੀਤੇ ਜਾਣ ’ਤੇ ਡੀ.ਐਸ.ਪੀ. ਹਰਕ੍ਰਿਸ਼ਨ ਸਿੰਘ, ਕਿਰਨਦੀਪ ਸਿੰਘ ਸੰਧੂ ਐਸ.ਐਚ.ਓ. ਬਿਆਸ ਤੇ ਚਰਨ ਸਿੰਘ ਭਲਵਾਨ ਚੌਕੀ ਇੰਚਾਰਜ ਰਈਆ ਫ਼ੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤੇ ਜਾਣ ’ਤੇ ਡੇਰਾ ਬਿਆਸ ਤੇ ਅੰਮ੍ਰਿਤਸਰ ਨਗਰ ਨਿਗਮ ਦੇ ਅੱਗ ਬਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਇਆ ਪਰ ਅੱਗ ਬਝਾਊ ਅਮਲੇ ਦੇ ਲੇਟ ਹੋ ਜਾਣ ਕਰ ਕੇ ਬੈਂਕ ਦਾ ਸਾਰਾ ਫ਼ਰਨੀਚਰ ਤੇ ਰਿਕਾਰਡ ਸੜ ਕੇ ਸਵਾਹ ਹੋ ਗਿਆ। ਖੁਸ਼ਕਿਸਮਤੀ ਨਾਲ ਬੈਂਕ ਦੇ ਬਾਹਰ ਲੱਗੇ ਏ.ਟੀ.ਐਮ. ਵਿਚਲਾ ਤੇ ਬੈਂਕ ਅੰਦਰਲਾ ਕੈਸ਼ ਬਚ ਗਿਆ। ਮੌਕੇ ’ਤੇ ਹਵਾ ਨਾ ਵਗਦੀ ਹੋਣ ਕਰ ਕੇ ਅੱਗ ਦੇ ਬਾਹਰ ਨਾ ਫੈਲਣ ਕਰ ਕੇ ਆਸ-ਪਾਸ ਦੀਆਂ ਇਮਾਰਤਾਂ ਦਾ ਬਚਾਅ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ।