
ਕੋਰੋਨਾ ਬੀਮਾਰੀ ਦੀ ਮਾਰ ਨਾਲ ਅਜੇ ਪੰਜਾਬ ਜੂਝ ਹੀ ਰਿਹੈ ਅਤੇ ਇਕ ਹੋਰ ਚਿਤਾਵਨੀ ਮਿਲੀ ਹੈ ਕਿ ਜੂਨ ਮਹੀਨੇ
ਚੰਡੀਗੜ੍ਹ, 16 ਮਈ (ਐਸ.ਐਸ. ਬਰਾੜ): ਕੋਰੋਨਾ ਬੀਮਾਰੀ ਦੀ ਮਾਰ ਨਾਲ ਅਜੇ ਪੰਜਾਬ ਜੂਝ ਹੀ ਰਿਹੈ ਅਤੇ ਇਕ ਹੋਰ ਚਿਤਾਵਨੀ ਮਿਲੀ ਹੈ ਕਿ ਜੂਨ ਮਹੀਨੇ ਟਿੱਡੀ ਦਲਾਂ ਦੇ ਵੱਡੇ ਗਰੁੱਪ, ਸਰਹੱਦੀ ਜ਼ਿਲਿ੍ਹਆਂ ’ਚ ਕਈ ਵਾਰ ਹਮਲੇ ਕਰ ਸਕਦੇ ਹਨ। ਖਾਸ ਕਰ ਕੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਾ ਬਠਿੰਡਾ, ਮੁਕਤਸਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਅੰਮ੍ਰਿਤਸਰ, ਤਰਨ ਤਾਰਨ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕਿਆਂ ਨੂੰ ਟਿੱਡੀ ਦਲਾਂ ਦਾ ਖ਼ਤਰਾ ਹੈ।
ਪੰਜਾਬ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਡਾਇਰੈਕਟਰ ਖੇਤੀਬਾੜੀ ਸਮੇਤ ਰਾਜ ਦੇ ਸਮੂਹ ਖੇਤੀ ਅਧਿਕਾਰੀਆਂ ਤੇ ਬਾਗਬਾਨੀ ਅਧਿਕਾਰੀਆਂ ਨੂੰ ਇਕ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲਿ੍ਹਆਂ ਦੇ ਇਲਾਕਿਆਂ ਨੂੰ ਜੂਨ ਮਹੀਨੇ ਟਿੱਡੀ ਦਲ ਦੇ ਹਮਲਿਆਂ ਦਾ ਗੰਭੀਰ ਖ਼ਤਰਾ ਹੈ। ਸਬੰਧਤ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਹੈ ਕਿ ਟਿੱਡੀ ਦਲਾਂ ਦੇ ਹਮਲੇ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰੀਆ ਕਰ ਲਈਆਂ ਜਾਣ। ਦਵਾਈ ਦੇ ਛਿੜਕਾਅ ਲਈ ਟਰੈਕਟਰਾਂ ਨਾਲ ਫਿਟ ਕੀਤੇ ਪੰਪ ਪਹਿਲਾਂ ਹੀ ਤਿਆਰ ਕਰ ਕੇ ਰੱਖੇ ਜਾਣ।
File photo
ਪੰਜਾਬ ਸਰਕਾਰ ਨੇ ਟਿੱਡੀ ਦਲ ਦੇ ਟਾਕਰੇ ਲਈ ਖੇਤੀਬਾੜੀ ਮਹਿਕਮੇ ਦੇ ਮੁਖ ਦਫ਼ਤਰ ਵਿਖੇ ਇਕ ਕੰਟਰੌਲ ਰੂਮ ਵੀ ਸਥਾਪਤ ਕੀਤਾ ਹੈ। ਇਸ ਦੇ ਮੁਖੀ ਜਾਇੰਟ ਡਾਇਰੈਕਟਰ ਗੁਰਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ। ਕੰਟਰੌਲ ਰੂਮ ਦਾ ਨੰਬਰ 94641-11352 ਪੱਤਰ ’ਚ ਦਸਿਆ ਗਿਆ ਹੈ। ਅਸਲ ’ਚ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਖੁਰਾਕ ਅਤੇ ਖੇਤੀ ਵਲੋਂ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਸਾਲ ਗਰਮੀਆਂ ਖਾਸ ਕਰ ਕੇ ਜੂਨ ਮਹੀਨੇ ’ਚ ਟਿੱਡੀ ਦਲਾਂ ਦੇ ਗੰਭੀਰ ਹਮਲਿਆਂ ਦੀ ਸੰਭਾਵਨਾ ਹੈ। ਇਸ ਸੰਸਥਾ ਨੇ ਸਰਕਾਰ ਨੂੰ ਸਖ਼ਤ ਚਿਤਾਵਨੀ ਭੇਜੀ ਹੈ ਕਿ ਟਿੱਡੀ ਦਲਾਂ ਦੇ ਹਮਲੇ ਗੰਭੀਰ ਹੋਣਗੇ।
ਇਹ ਵੀ ਦਸਿਆ ਗਿਆ ਹੈ ਕਿ ਇਸ ਸਮੇਂ ਟਿੱਡੀ ਦਲਾਂ ਦੇ ਕਈ ਝੁੰਡ ਪਾਕਿਸਤਾਨ ਨਾਲ ਲਗਦੀ ਈਰਾਨ ਸਰਹੱਦ ਦੇ ਨੇੜੇ ਦੋਵਾਂ ਦੇਸ਼ਾਂ ’ਚ ਸਰਗਰਮ ਹਨ। ਆਉਣ ਵਾਲੇ ਦਿਨਾਂ ’ਚ ਬਲੋਚਿਸਤਾਨ ਦੇ ਰੇਗਿਸਤਾਨ ਇਲਾਕਿਆਂ ’ਚ ਟਿੱਡੀ ਦਲ ਬੱਚੇ ਦੇਵੇਗਾ ਅਤੇ ਇਹ ਝੁੰਡ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੇ ਸਰਹੱਦੀ ਇਲਾਕਿਆ ’ਚ ਹਮਲੇ ਕਰ ਸਕਦਾ ਹੈ। ਚਿਤਾਵਨੀ ’ਚ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਝੁੰਡਾਂ ਵਲੋਂ ਕਈ ਵਾਰ ਹਮਲੇ ਕੀਤੇ ਜਾ ਸਕਦੇ ਹਨ। ਭਾਰਤ ਸਰਕਾਰ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਹੀ ਪੰਜਾਬ ਸਰਕਾਰ ਨੇ ਅਪਣੇ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ।