
ਗੁਰੂ ਦੇ ਇਸ ਸਿੰਘ ਨੂੰ ਹੈ ਮਰਨ ਦਾ ਚਾਅ, ਸੇਵਾ ਕਰਦੇ ਨੂੰ ਮਿਲ ਰਹੀਆਂ ਹਨ ਧਮਕੀਆਂ
ਹੇਮਕੁੰਟ ਫ਼ਾਊਂਡੇਸ਼ਨ ਪਿਛਲੇ ਗਿਆਰਾਂ ਸਾਲਾਂ ਤੋਂ ਲੋਕਾਂ ਦੀ ਕਰ ਰਹੀ ਹੈ ਸੇਵਾ
ਮੁਹਾਲੀ, 16 ਮਈ (ਚਰਨਜੀਤ ਸਿੰਘ ਸੁਰਖ਼ਾਬ): ਕੋਰੋਨਾ ਦਾ ਕਹਿਰ ਲਗਾਤਾਰ ਕਹਿਰ ਢਾਹ ਰਿਹਾ ਹੈ। ਜਦੋਂ ਸਰਕਾਰ ਵਲੋਂ ਚੰਗੀਆਂ ਸਿਹਤ ਸਹੂਲਤਾਂ ਦੇ ਕੀਤੇ ਦਾਅਵੇ ਫ਼ੇਲ ਹੋ ਗਏ ਤਾਂ ਉਦੋਂ ਬਹੁਤ ਸਾਰੀਆਂ ਸੰਸਥਾਵਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆਈਆਂ ਤੇ ਲੋਕਾਂ ਨੂੰ ਨਵੀਂ ਉਮੀਦ ਦਿਤੀ। ਲੋਕਾਂ ਦੀ ਜਾਨ ਬਚਾਉਣ ਵਿਚ ਵੱਡਾ ਯੋਗਦਾਨ ਦਿਤਾ।
ਹੇਮਕੁੰਟ ਫ਼ਾਊਂਡੇਸ਼ਨ ਪਿਛਲੇ ਗਿਆਰਾਂ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਕੋਰੋਨਾ ਦੇ ਚਲਦੇ ਸੱਭ ਤੋਂ ਪਹਿਲਾਂ ਆਕਸੀਜਨ ਦੇ ਲੰਗਰ ਲਾਏ ਗਏ ਅਤੇ ਫਿਰ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਪ੍ਰਦਾਨ ਕਰਨ ਲਈ ਇਕ ਆਰਜ਼ੀ ਹਸਪਤਾਲ ਸਥਾਪਤ ਕੀਤਾ ਗਿਆ। ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਸਿੰਘ ਵਲੋਂ ਹੇਮਕੁੰਟ ਫ਼ਾਊਂਡੇਸ਼ਨ ਦੇ ਮੁੱਖ ਸੇਵਾਦਾਰ ਹਰਤੀਰਥ ਸਿੰਘ ਨਾਲ ਗੱਲਬਾਤ ਕੀਤੀ। ਹਰਤੀਰਥ ਸਿੰਘ ਨੇ ਦਸਿਆ ਕਿ ਉਸ ਨੂੰ ਦੋ ਵਾਰ ਕੋਰੋਨਾ ਹੋ ਚੁਕਿਆ ਹੈ, ਪਰ ਗੁਰੂ ਮਹਾਰਜ ਦੀ ਕ੍ਰਿਪਾ ਨਾਲ ਹੋ ਠੀਕ ਹੋ ਗਏ ਤੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪ੍ਰਬੰਧ ਪੂਰੇ ਕਰ ਲਏ ਹਨ। ਇਕ ਸਮੇਂ ਵਿਚ 500 ਲੋਕ ਇਲਾਜ ਕਰਵਾਉਣ ਲਈ ਆ ਸਕਦੇ ਹਨ ਤੇ ਮਰੀਜ਼ਾਂ ਲਈ 4 ਐਂਬੂਲੈਂਸਾਂ ਦੇ ਵੀ ਆਰਡਰ ਦਿਤੇ ਗਏ ਹਨ। ਇਸ ਤੋਂ ਇਲਾਵਾ ਹਰਤੀਰਥ ਨੇ ਦਸਿਆ ਕਿ ਆਕਸੀਜਨ ਦੀ ਕਮੀ ਨੂੰ ਲੈ ਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਕਸੀਜਨ ਵਾਲੇ ਟਰੱਕ ਬਹੁਤ ਵਾਰ ਰਸਤੇ ਵਿਚ ਰੋਕੇ ਗਏ ਪਰ ਥੋੜ੍ਹੀ ਬਹੁਤੀ ਦੇਰੀ ਨਾਲ ਪ੍ਰਸ਼ਾਸਨ ਨੇ ਉਹ ਟਰੱਕ ਛੱਡ ਦਿਤੇ। ਤੀਰਥ ਦਾ ਕਹਿਣਾ ਹੈ ਕਿ ਅਸੀਂ ਸਿੱਖ ਹਾਂ ਕਦੇ ਵੀ ਮਰਨ ਤੋਂ ਨਹੀਂ ਡਰਦੇ ਜਿਸ ਦੀ ਬਦੌਲਤ ਸਿੱਖ ਇਸ ਭਿਆਨਕ ਸਮੇਂ ਵਿਚ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਅਪਣੀ ਜਾਨ ਦੀ ਨਹੀਂ ਪ੍ਰਵਾਹ ਕਰਦੇ। ਅਸੀਂ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਫਿਰ ਚਾਹੇ ਪ੍ਰਸ਼ਾਸਨ ਦੀ ਕੋਈ ਸਹਾਇਤਾ ਮਿਲੇ ਜਾਂ ਨਾ ਮਿਲੇ। ਉਨ੍ਹਾਂ ਕਿਹਾ ਕਿ ਨਾ ਅਸੀਂ ਪਿੱਛੇ ਹਟੇ ਹਾਂ ਨਾ ਪਿੱਛੇ ਹਟਾਂਗੇ। ਤੀਰਥ ਨੇ ਦਸਿਆ ਕਿ ਅਜੇ ਵੀ ਕੁੱਝ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਨੇ ਤੇ ਵਾਰ-ਵਾਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਨੇ ਕਿ ਇਹ ਸੇਵਾ ਕਾਰਜ ਬੰਦ ਕੀਤੇ ਜਾਣ ਪਰ ਉਹ ਅਤੇ ਉਨ੍ਹਾਂ ਦੀ ਟੀਮ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਸਗੋਂ ਇਸੇ ਤਰ੍ਹਾਂ ਸੇਵਾ ਹੁੰਦੀ ਰਹੇਗੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੁਣ ਤਕ ਜਿਸ ਨੇ ਵੀ ਚੰਗੇ ਕੰਮ ਕੀਤੇ ਨੇ ਉਸ ਤੇ ਸਵਾਲ ਚੁਕੇ ਹੀ ਜਾਂਦੇ ਹਨ। ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਕੋਰੋਨਾ ਹੋ ਗਿਆ ਸੀ ਤੇ ਉਹ ਠੀਕ ਹੋ ਗਏ ਦੁਬਾਰਾ ਲੋਕਾਂ ਦੀ ਸੇਵਾ ਵਿਚ ਲੱਗ ਗਏ।