
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀ ਸ਼ਿਕਾਇਤ 'ਤੇ ਉਸ ਖਿਲਾਫ਼ ਥਾਣਾ ਈ-ਡਵੀਜ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਲੰਧਰ - ਦਾੜ੍ਹੀ ਅਤੇ ਮੁੱਛਾਂ 'ਤੇ ਟਿੱਪਣੀ ਲਈ ਮੁਆਫੀ ਮੰਗਣ ਤੋਂ ਬਾਅਦ ਵੀ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਭਾਰਤੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ (ਜੀ.ਆਰ.ਟੀ.ਐੱਫ.ਪੀ.) ਦੀ ਸ਼ਿਕਾਇਤ 'ਤੇ ਭਾਰਤੀ ਖਿਲਾਫ਼ ਅੰਮ੍ਰਿਤਸਰ ਅਤੇ ਜਲੰਧਰ 'ਚ ਦੋ ਮਾਮਲੇ ਦਰਜ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਨੇ ਮਾਮਲਾ ਦਰਜ ਕਰਵਾਉਣ ਨੂੰ ਲੈ ਕੇ ਕਿਹਾ ਕਿ ਉਸ ਨੇ ਭਾਰਤੀ ਸਿੰਘ ਖਿਲਾਫ਼ ਕੇਸ ਦਰਜ ਕਰਵਾਇਆ ਹੈ। ਐਸਜੀਪੀਸੀ ਨੇ ਕਿਹਾ ਕਿ ਵੀਡੀਓ ਵਿਚ ਭਾਰਤੀ ਸਿੰਘ ਨੂੰ ਸਿੱਖਾਂ ਦੇ ਸਰੂਪ ਦਾੜ੍ਹੀ ਅਤੇ ਮੁੱਛਾਂ ’ਤੇ ਟਿੱਪਣੀ ਕਰਦਿਆਂ ਸਪਸ਼ਟ ਦੇਖਿਆ ਜਾ ਸਕਦਾ ਹੈ। ਸਪਸ਼ਟ ਹੈ ਕਿ ਭਾਰਤੀ ਨੇ ਇਹ ਸ਼ਬਦਾਵਲੀ ਜਾਣਬੁੱਝ ਕੇ ਵਰਤੀ ਹੈ।
Bharti Singh
ਐਸਜੀਪੀਸੀ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਦੇਰ ਸ਼ਾਮ ਥਾਣਾ ਈ-ਡਵੀਜ਼ਨ ਵਿੱਚ ਭਾਰਤੀ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਈ-ਡਵੀਜ਼ਨ ਦੇ ਐੱਸਐੱਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਭਾਰਤੀ ਸਿੰਘ ਖ਼ਿਲਾਫ਼ ਆਈਪੀਸੀ-295ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿਚ ਭਾਰਤੀ ਸਿੰਘ ਨੇ ਦਾੜ੍ਹੀ ਅਤੇ ਮੁੱਛਾਂ 'ਤੇ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਸੀ ਦਾੜ੍ਹੀ-ਮੁੱਛ ਦੇ ਬਹੁਤ ਫ਼ਾਇਦੇ ਹਨ, ਦੁੱਧ ਪੀਓ ਤੇ ਦਾੜ੍ਹੀ ਮੂੰਹ ’ਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਸਹੇਲੀਆਂ ਦੇ ਪਤੀਆਂ ਦੀ ਲੰਬੀ ਦਾੜ੍ਹੀ ਹੈ। ਸਾਰਾ ਦਿਨ ਉਹ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ। ਇਸ ਬਿਆਨ ਤੋਂ ਬਾਅਦ ਉਸ ਦਾ ਕਾਫ਼ੀ ਵਿਰੋਧ ਵੀ ਹੋਇਆ ਤੇ ਹੁਣ ਮੁਆਫ਼ੀ ਮੰਗਣ ਤੋਂ ਬਾਅਦ ਵੀ ਉਸ ਖਿਲਾਫ਼ ਪਰਚਾ ਦਰਜ ਹੋ ਗਿਆ ਹੈ।