
ਕਿਹਾ- ਸ਼ਹੀਦ-ਏ-ਆਜ਼ਮ ਭਗਤ ਸਿੰਘ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਗਈ ਹੈ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਰਾਜ ਕਰਨਾਟਕ ਵਿਚ ਸਕੂਲ ਦੀਆਂ ਕਿਤਾਬਾਂ 'ਚੋਂ ਭਗਤ ਸਿੰਘ ਬਾਰੇ ਅਧਿਆਏ ਹਟਾਉਣ 'ਤੇ ਭਾਜਪਾ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ 'ਤੇ ਸ਼ਬਦੀ ਹਮਲਾ ਬੋਲਿਆ ਹੈ। ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਗਈ ਹੈ।
ਭਗਵੰਤ ਮਾਨ ਨੇ ਲਿਖਿਆ, “ਛੋਟੀ ਉਮਰ ਵਿਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ ਲੋਅ ਜਗਾਉਣ ਵਾਲੇ ਸਰਦਾਰ ਭਗਤ ਸਿੰਘ ਨੂੰ ਪੜ੍ਹ ਕੇ ਅੱਜ ਵੀ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਲਹਿਰ ਦੌੜ ਜਾਂਦੀ ਹੈ। ਦੇਸ਼ ਭਗਤੀ ਦੇ ਇਸੇ ਜਜ਼ਬੇ ਦੇ ਡਰ ਤੋਂ ਭਾਜਪਾ ਦੀ ਰੂਹ ਕੰਬਦੀ ਹੈ”। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਦਮ ਮਹਾਨ ਆਜ਼ਾਦੀ ਘੁਲਾਟੀਏ ਦੀ ਸ਼ਹਾਦਤ ਦਾ ਅਪਮਾਨ ਹੈ ਅਤੇ ਕਰਨਾਟਕ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਭਾਜਪਾ ਦੇ ਲੋਕ ਸ਼ਹੀਦ ਭਗਤ ਸਿੰਘ ਨੂੰ ਇੰਨੀ ਨਫਰਤ ਕਿਉਂ ਕਰਦੇ ਹਨ?- ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਦੇਸ਼ ਆਪਣੇ ਸ਼ਹੀਦਾਂ ਦਾ ਇਸ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਭਾਜਪਾ ਨੂੰ ਸਵਾਲ ਕੀਤਾ ਕਿ ਇਸ ਦੇ ਲੋਕ ਭਗਤ ਸਿੰਘ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ? ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਅਤੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਸਮੇਤ ਕੁਝ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਕਰਨਾਟਕ ਸਰਕਾਰ ਨੇ ਸਕੂਲ ਦੀ ਕਿਤਾਬ ਵਿਚੋਂ ਭਗਤ ਸਿੰਘ ਬਾਰੇ ਇਕ ਪਾਠ ਹਟਾ ਦਿੱਤਾ ਹੈ ਅਤੇ 10ਵੀਂ ਜਮਾਤ ਦੀ ਕੰਨੜ ਦੀ ਪੁਸਤਕ ਵਿਚ ਆਰਐਸਐਸ ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦਾ ਭਾਸ਼ਣ ਸ਼ਾਮਲ ਕੀਤਾ ਹੈ।
ਕੇਜਰੀਵਾਲ ਨੇ ਕਿਹਾ, ''ਭਾਜਪਾ ਦੇ ਲੋਕ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੂੰ ਇੰਨੀ ਨਫਰਤ ਕਿਉਂ ਕਰਦੇ ਹਨ? ਸਕੂਲੀ ਕਿਤਾਬਾਂ ਵਿਚੋਂ ਸਰਦਾਰ ਭਗਤ ਸਿੰਘ ਜੀ ਦਾ ਨਾਮ ਹਟਾਉਣਾ ਅਮਰ ਸ਼ਹੀਦ ਦੀ ਕੁਰਬਾਨੀ ਦਾ ਅਪਮਾਨ ਹੈ। ਦੇਸ਼ ਆਪਣੇ ਸ਼ਹੀਦਾਂ ਦਾ ਅਜਿਹਾ ਅਪਮਾਨ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਭਾਜਪਾ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਹੋਵੇਗਾ”। ਇਸ ਦੌਰਾਨ ਕਰਨਾਟਕ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਕੀਤੀ ਕੰਨੜ ਪਾਠ ਪੁਸਤਕ ਵਿਚ ਹੇਡਗੇਵਾਰ ਦੇ ਭਾਸ਼ਣ ਨੂੰ ਸ਼ਾਮਲ ਕਰਨ ਦੇ ਫੈਸਲੇ ਦਾ ਬਚਾਅ ਕੀਤਾ ਹੈ।