
ਪੁੱਤ ਦੀ ਡਾਕਟਰੀ ਦੀ ਪੜ੍ਹਾਈ ਪੂਰੀ ਹੋਣ ਦੀ ਖ਼ੁਸ਼ੀ ਮਨਾਉਣ ਟੂਰ ’ਤੇ ਜਾ ਰਿਹਾ ਸੀ ਪਰਿਵਾਰ
ਭੁਲੱਥ : ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕੈਲੇਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿਚ ਹੋਏ ਸੜਕ ਹਾਦਸੇ ਦੌਰਾਨ ਵਕੀਲ ਤੇ ਉਸ ਦੇ ਪੁੱਤਰ ਦੀ ਮੌਤ ਗਈ ਹੈ ਜਦ ਕਿ ਵਕੀਲ ਦੀ ਪਤਨੀ ਦੇ ਗੰਭੀਰ ਸੱਟਾਂ ਲਗੀਆਂ ਹਨ ਹੈ।
ਮ੍ਰਿਤਕਾਂ ਦੀ ਪਛਾਣ ਪਿਓ ਕੁਲਵਿੰਦਰ ਸਿੰਘ ਤੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਉਹ ਭੁਲੱਥ ਦੇ ਪਿੰਡ ਬੋਪਾਰਾਏ ਨਾਲ ਸਬੰਧਤ ਸਨ।
ਮ੍ਰਿਤਕ ਕੁਲਵਿੰਦਰ ਸਿੰਘ ਦੇ ਭਰਾ ਨੇ ਦਸਿਆ ਕਿ ਉਹ ਪਰਿਵਾਰ ਸਮੇਤ ਕਰੀਬ 15 ਸਾਲ ਪਹਿਲਾ ਅਮਰੀਕਾ ਚਲਾ ਗਿਆ ਸੀ। ਉਸ ਦਾ ਪੁੱਤਰ ਮ੍ਰਿਤਕ ਸੁਖਵਿੰਦਰ ਸਿੰਘ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਆਪਣੇ ਬੇਟੇ ਸੁਖਵਿੰਦਰ ਸਿੰਘ ਵਲੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਦੀ ਖੁਸ਼ੀ ਵਿੱਚ ਆਪਣੀ ਪਤਨੀ ਬਲਵੀਰ ਕੌਰ ਸਮੇਤ ਖੁਸ਼ੀ ਮਨਾਉਣ ਲਈ ਘੁੰਮਣ ਜਾ ਰਹੇ ਸਨ ਕਿ ਰਸਤੇ ਵਿਚ ਇੱਕ ਗੱਡੀ ਦਾ ਟਾਇਰ ਗੱਡੀ ਤੋਂ ਵੱਖ ਹੋ ਕੇ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਤੇ ਕਈ ਪਲਟੀਆਂ ਖਾ ਗਈ। ਜਿਸ ਕਾਰਨ ਪੁੱਤਰ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ
ਕੁਲਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲਗਣ ਕਾਰਨ ਹਸਪਤਾਲ ਲਿਆਂਦਾ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਦੋ ਦਿਨ ਬਾਅਦ ਦਮ ਤੋੜ ਦਿਤਾ।
ਉਨ੍ਹਾਂ ਦਸਿਆ ਕਿ ਬਲਵੀਰ ਕੌਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਡਾਕਟਰ ਸੁਖਵਿੰਦਰ ਸਿੰਘ ਅਜੇ ਕੁਆਰਾ ਸੀ ਜਿਸ ਦੀ ਉਮਰ ਮਹਿਜ਼ ਤੀਹ ਸਾਲ ਸੀ
ਅਮਰੀਕਾ ਵਿਚ ਹੋਏ ਇਸ ਸੜਕ ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ।