
ਡਾ. ਸੇਠੀ ਨੇ ਦਸਿਆ ਡੇਅਰੀ ਫਾਰਮਿੰਗ ਨਾਲ ਲੱਖਾਂ ਰੁਪਏ ਕਮਾਉਣ ਦਾ ਅਸਾਨ ਤਰੀਕਾ
ਲੁਧਿਆਣਾ: (ਸਨਮ ਭੱਲਾ, ਗਗਨਦੀਪ ਕੌਰ) ਅੱਜ ਪੰਜਾਬ ਦੀ ਨੌਜੁਆਨ ਪੀੜੀ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ ਤੇ ਹਰ ਨੌਜੁਆਨ ਦਾ ਸੁਪਨਾ ਹੈ ਕਿ ਉਹ ਬਾਹਰ ਜਾ ਕੇ ਅਪਣਾ ਸੈਟਲ ਹੋਵੇ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇੱਧਰ ਰੁਜ਼ਗਾਰ ਨਹੀਂ ਹੈ ਪਰ ਸੂਬੇ 'ਚ ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਸਰਕਾਰੀ ਸੰਸਥਾਵਾਂ ਹਨ ਜੋ ਬੱਚਿਆਂ ਨੂੰ ਵਧੀਆਂ ਰੁਜ਼ਗਾਰ ਨਾਲ ਜੋੜ ਰਹੀਆਂ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ 'ਚ ਜਾ ਕੇ ਪ੍ਰੋਫੈਸਰ ਨਾਲ ਗੱਲਬਾਤ ਕੀਤੀ ਤੇ ਜਾਣਿਆ ਕਿਵੇਂ ਨੌਜੁਆਨ ਡੇਅਰੀ ਫਾਰਮਿੰਗ ਕਿੱਤੇ ਨਾਲ ਜੁੜ ਕੇ ਲੱਖਾਂ ਰੁਪਏ ਕਮਾ ਸਕਦੇ ਹਨ।
ਕਾਲਜ ਆਫ਼ ਡੇਅਰੀ ਐਂਡ ਸਾਇੰਸ ਟੈਕਨੋਲੋਜੀ ਤੋਂ ਡਾ.ਆਰ.ਐਸ ਸੇਠੀ ਨੇ ਗੱਲਬਾਤ ਦੌਰਾਨ ਦਸਿਆ ਕਿ ਨੌਜੁਆਨ ਇੱਧਰ ਰਹਿ ਕੇ ਵੀ ਅਪਣਾ ਰੁਜ਼ਗਾਰ ਸ਼ੁਰੂ ਕਰ ਸਕਦੇ ਹਨ। ਨੌਜੁਆਨ ਅਪਣਾ ਡੇਅਰੀ ਕਿੱਤਾ ਸ਼ੁਰੂ ਕਰ ਸਕਦੇ ਹਨ। ਇਸ ਲਈ ਨੌਜੁਆਨਾਂ ਨੂੰ ਪੜ੍ਹਾਈ ਦੀ ਲੋੜ ਹੈ। ਸਾਡੇ ਕਾਲਜ 'ਚ ਅਸੀਂ 4 ਸਾਲ ਦੀ ਡਿਗਰੀ ਕਰਵਾਉਂਦੇ ਹਾਂ। ਜਿਸ ਲਈ ਨੌਜੁਆਨ ਨੂੰ 12 ਕਲਾਸ ( ਨਾਨ ਮੈਡੀਕਲ) 'ਚ ਕੀਤੀ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਇਸ ਲਈ ਹੋਰ ਕੋਈ ਵੀ ਟੈਸਟ ਨਹੀਂ ਲਿਆ ਜਾਂਦਾ। ਇਸ 4 ਸਾਲ ਦੇ ਡਿਗਰੀ ਪ੍ਰੋਗਰਾਮ 'ਚ ਅਸੀਂ ਨੌਜੁਆਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰਯੋਗ ਵੀ ਕਰਵਾਉਂਦੇ ਹਾਂ। ਪ੍ਰਯੋਗਸ਼ਾਲਾ 'ਚ ਅਸੀਂ ਜਾਨਵਰਾਂ ਦੀ ਸਾਂਭ-ਸੰਭਾਲ ਤੋਂ ਲੈ ਕੇ ਦੁੱਧ ਦੀ ਮਾਰਕੀਟਿੰਗ 'ਚ ਸਭ ਕੁਝ ਬੱਚਿਆਂ ਨੂੰ ਸਿਖਾਉਂਦੇ ਹਾਂ। ਇੱਧਰ ਰਹਿ ਕੇ ਵੀ ਉਹ ਲੱਖਾਂ ਰੁਪਏ ਕਮਾ ਸਕਦੇ ਹਨ।
ਇਸ 4 ਸਾਲ ਦੀ ਡਿਗਰੀ ਤੋਂ ਬਾਅਦ ਨੌਜੁਆਨਾਂ ਲਈ ਬਹੁਤ ਸਾਰੇ ਰਾਹ ਖੁੱਲ ਜਾਂਦੇ ਹਨ। ਉਹ ਡੇਅਰੀ ਫਾਰਮਿੰਗ ਦਾ ਅਪਣਾ ਕਿੱਤਾ ਵੀ ਖੋਲ ਸਕਦਾ ਹੈ ਜਾਂ ਉਹ ਅੱਗੇ ਮਾਸਟਰ, ਪੀਐਚਡੀ ਕਰ ਸਕਦੇ ਹਨ। ਇਥੇ ਕਾਰਪੋਰੇਟ ਏਜੰਸੀਆਂ ਨਾਲ ਕੰਮ ਕਰ ਸਕਦੇ ਹਨ। ਕਿਸੇ ਵੀ ਨੌਜੁਆਨ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਕਾਲਜ ਨਾਲ ਸੰਪਰਕ ਕਰ ਸਕਦਾ ਹੈ।