
ਮ੍ਰਿਤਕ ਦੀ ਪਛਾਣ ਕੁਲਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜ਼ੈਲਦਾਰ ਵਜੋਂ ਹੋਈ ਹੈ।
Punjab News: ਮੁਹਾਲੀ - ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ 19 ਸਾਲਾ ਲੜਕੇ ਦੀ ਸਿਰ ਦੀ ਨਾੜ ਫਟਣ ਕਾਰਨ ਮੌਤ ਹੋ ਗਈ। ਉਹ ਜਿਮ ਜਾਣ ਦਾ ਸ਼ੌਕੀਨ ਸੀ। ਦੱਸਿਆ ਜਾ ਰਿਹਾ ਹੈ ਕਿ ਬਾਡੀ ਬਿਲਡਿੰਗ ਲਈ ਦਿੱਤੇ ਗਏ ਸਟੀਰਾਇਡ ਟੀਕੇ ਦੀ ਓਵਰਡੋਜ਼ ਕਾਰਨ ਪੀਜੀਆਈ ਵਿਚ ਜੇਰੇ ਇਲਾਜ ਸੀ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜ਼ੈਲਦਾਰ ਵਜੋਂ ਹੋਈ ਹੈ।
ਉਹ ਆਪਣੀ ਛੋਟੀ ਭੈਣ ਦਾ ਇਕਲੌਤਾ ਭਰਾ ਸੀ। ਕੁਲਰਾਜ ਸਿੰਘ ਉਰਫ਼ ਬੱਬਰ ਹੱਸਮੁੱਖ ਸੁਭਾਅ ਦਾ ਸੀ, ਉਸ ਦੀ ਮੌਤ ਤੋਂ ਬਾਅਦ ਪਿੰਡ ਜਵਾਹਰਪੁਰ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਜੀਜਾ ਮਨਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਛੋਟਾ ਨੇ ਦੱਸਿਆ ਕਿ ਕੁਲਰਾਜ ਸਿੰਘ ਉਰਫ਼ ਗੱਬਰ ਬਾਊਂਸਰ ਦਾ ਕੰਮ ਕਰਦਾ ਸੀ, 6 ਫੁੱਟ ਦਾ ਬੱਬਰ ਜਿੰਮ 'ਚ ਕਸਰਤ ਕਰਨ ਦਾ ਸ਼ੌਕੀਨ ਸੀ।
ਉਸ ਨੇ ਦੱਸਿਆ ਕਿ 11 ਮਈ ਨੂੰ ਉਹ ਚੰਡੀਗੜ੍ਹ ਜਿਮ ਵਿਚ ਕਸਰਤ ਕਰ ਰਿਹਾ ਸੀ, ਜਦੋਂ ਉਹ ਡਿੱਗ ਪਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਸੀ। ਹਾਈ ਬਲੱਡ ਪ੍ਰੈਸ਼ਰ ਕਾਰਨ ਉਸ ਦੇ ਦਿਮਾਗ 'ਚ ਖੂਨ ਵਗਣ ਲੱਗਾ ਅਤੇ ਉਨ੍ਹਾਂ ਦੇ ਸਰੀਰ ਦੇ ਇਕ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ। ਪੀਜੀਆਈ ਚੰਡੀਗੜ੍ਹ ਵਿਖੇ ਉਸ ਦੇ ਸਿਰ ਦੀ ਸਰਜਰੀ ਵੀ ਹੋਈ। ਪਰ ਬੁੱਧਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਵਿਚ ਮਾਪੇ ਅਤੇ ਭੈਣ ਹਨ। ਪਰਿਵਾਰ ਨੇ ਵੀਰਵਾਰ ਨੂੰ ਜਵਾਹਰਪੁਰ ਵਿਚ ਬਿਨਾਂ ਪੋਸਟਮਾਰਟਮ ਅਤੇ ਪੁਲਿਸ ਕਾਰਵਾਈ ਦੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।