
ਸ਼ਾਮਚੁਰਾਸੀ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਤੇ ਚੱਬੇਵਾਲ ਦੀ ਪ੍ਰੀਤ ਜੱਜ ਨੂੰ ਮਿਲੀ
Punjab News: ਹੁਸ਼ਿਆਰਪੁਰ - ਜ਼ਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਵੱਲੋਂ ਜ਼ਿਲ੍ਹੇ ਨਾਲ ਸਬੰਧਿਤ 2 ਵਿਧਾਨ ਸਭਾ ਹਲਕਿਆਂ ਜਿਸ ਵਿਚ ਸ਼ਾਮਚੁਰਾਸੀ ਅਤੇ ਚੱਬੇਵਾਲ ਸ਼ਾਮਲ ਹਨ ਦੇ ਯੂਥ ਵਿੰਗ ਦੇ ਹਲਕਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦਿਹਾਤੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਖਾਲਸਾ ਨੂੰ ਸੌਂਪੀ ਗਈ ਹੈ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਪ੍ਰੀਤ ਸਿੰਘ ਜੱਜ ਨੂੰ ਸੌਂਪੀ ਗਈ ਹੈ। ਪ੍ਰਧਾਨ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਬਚੇ ਵਿਧਾਨ ਸਭਾ ਹਲਕਿਆਂ ਦੇ ਯੂਥ ਪ੍ਰਧਾਨਾਂ ਤੇ ਦੂਸਰੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ ਤੇ ਅਹੁਦੇਦਾਰੀਆਂ ਉਨ੍ਹਾਂ ਨੌਜਵਾਨਾਂ ਨੂੰ ਹੀ ਦਿੱਤੀਆਂ ਜਾਣਗੀਆਂ ਜੋ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਯੂਥ ਅਕਾਲੀ ਦਲ ਦਿਹਾਤੀ ਦੀ ਜਥੇਬੰਦੀ ਪ੍ਰਤੀ ਕਿਸੇ ਵੀ ਹੋਰ ਆਗੂ ਵੱਲੋਂ ਲਏ ਗਏ ਫ਼ੈਸਲੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ ਤੇ ਜੋ ਵੀ ਪਾਰਟੀ ਨਿਯਮਾਂ ਤੋਂ ਬਾਹਰ ਜਾ ਕੇ ਅਨੁਸ਼ਾਸ਼ਨ ਤੋੜੇਗਾ ਉਸ ਦੇ ਖਿਲਾਫ਼ ਪਾਰਟੀ ਹਾਈਕਮਾਂਡ ਖ਼ੁਦ ਫ਼ੈਸਲਾ ਲਵੇਗੀ। ਇੰਦਰਜੀਤ ਕੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਲਗਾਤਾਰ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਤੀਜੇ ਆਉਣ ਵਾਲੀ ਲੋਕ ਸਭਾ ਚੋਣ ਦੇ ਰਿਜਲਟ ਮੌਕੇ ਸਾਹਮਣੇ ਆ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਘਰ-ਘਰ ਪਹੁੰਚਾਇਆ ਜਾਵੇ।